ਨਿੱਜੀ ਪੱਤਰ ਪ੍ਰੇਰਕ
ਸੁਲਤਾਨਪੁਰ ਲੋਧੀ, 5 ਜਨਵਰੀ
ਗੁਰਮਤਿ ਲੋਕ ਧਾਰਾ ਵਿਚਾਰ ਮੰਚ ਵੱਲੋਂ ਪਲੇਠਾ ਸਮਾਗਮ ਵਿਸ਼ਵ ਚਿੰਤਨ ਦਿਵਸ ਦੇ ਰੂਪ ਵਿਚ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਚ ਮਨਾਇਆ ਗਿਆ। ਇਸ ਸਮਾਗਮ ਦੌਰਾਨ ਜਥੇਬੰਦੀ ਦੇ ਪ੍ਰਧਾਨ ਡਾ. ਸਵਾਰਜ ਸਿੰਘ ਨੇ ‘ਪੰਜਾਬ ਦਾ ਭਵਿੱਖ ਕਿਵੇਂ ਉੱਜਲ ਹੋਵੇ’ ਵਿਸ਼ੇ ’ਤੇ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋਂ ਹੋ ਰਹੇ ਤੇਜ਼ੀ ਨਾਲ ਪਰਵਾਸ ਨੂੰ ਰੁਜ਼ਗਾਰ ਦੇ ਮੌਕੇ ਪੈਦਾ ਕਰ ਕੇ ਰੋਕਿਆ ਜਾ ਸਕਦਾ ਹੈ। ਇਸ ਦੌਰਾਨ ਹੋਏ ਸਵਾਲਾਂ ਦੇ ਜਵਾਬ ਦਿੰਦਿਆਂ ਡਾ. ਸਵਰਾਜ ਨੇ ਕਿਹਾ ਕਿ ਪੰਜਾਬ ਨੂੰ ਮੁੜ ਲੀਹਾਂ ’ਤੇ ਲਿਆਉਣ ਦਾ ਰਸਤਾ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਵਿੱਚੋਂ ਆਉਂਦਾ ਹੈ। ਪਿੰਗਲਵਾੜਾ ਦੀ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਨੇ ਕਿਹਾ ਕਿ ਪੰਜਾਬ ਵਿਚ ਜ਼ਹਿਰ ਮੁਕਤ ਖੇਤੀ ਹੋਣੀ ਚਾਹੀਦੀ ਹੈ ਤਾਂ ਹੀ ਲੋਕ ਸਿਹਤਮੰਦ ਹੋਣਗੇ।
ਉਨ੍ਹਾਂ ਪੰਜਾਬੀਆਂ ਵਿਚ ਘਟ ਰਹੀ ਸ਼ਹਿਣਸ਼ੀਲਤਾ ’ਤੇ ਵੀ ਚਿੰਤਾ ਪ੍ਰਗਟਾਈ। ਇਸ ਚਰਚਾ ਨੂੰ ਸਮੇਟਦਿਆਂ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਤੇਜ਼ੀ ਨਾਲ ਪਲੀਤ ਹੋ ਰਹੇ ਪੰਜਾਬ ਦੇ ਵਾਤਾਵਰਨ ਨੇ ਮਨੁੱਖ ਦੇ ਸਮੁੱਚੇ ਵਰਤਾਰੇ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜਨੀਤਕ ਲੋਕ ਦਰਿਆਵਾਂ ਨੂੰ ਸਾਫ ਕਰਨ ਅਤੇ ਵਾਤਾਵਰਨ ਦੀ ਸ਼ੁੱਧਤਾ ਪ੍ਰਤੀ ਸੁਹਿਰਦ ਨਹੀਂ। ਉਨ੍ਹਾਂ ਦੱਸਿਆ ਕਿ ਹੁਣ ਸਾਡੀ ਖੁਰਾਕ ਤੇ ਹਵਾ ਵੀ ਜ਼ਹਿਰੀਲੀ ਹੋ ਚੁੱਕੀ ਹੈ, ਜਿਸ ਕਰ ਕੇ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਕੈਂਸਰ ਅਤੇ ਹੋਰ ਬਿਮਾਰੀਆਂ ਆਪਣੀ ਜਕੜ ਵਿੱਚ ਲੈ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਇਹ ਕਿਸੇ ਨਸਲਕੁਸ਼ੀ ਤੋਂ ਘੱਟ ਨਹੀਂ, ਜਿਸ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋਵੇਗਾ। ਇਸ ਮੌਕੇ ਵਾਤਾਵਰਨ ਪ੍ਰੇਮੀ ਸੰਤ ਸੇਵਾ ਸਿੰਘ ਖਡੂਰ ਸਾਹਿਬ, ਸੰਤ ਸੁਖਜੀਤ ਸਿੰਘ ਸੀਚੇਵਾਲ, ਸੁਰਜੀਤ ਸਿੰਘ ਸ਼ੰਟੀ, ਤਰੁਨਦੀਪ ਸਿੰਘ ਘੁੰਮਣ, ਸ਼ਮੀਰ ਸਿੰਘ, ਪ੍ਰੋ. ਸੁਬੇਗ ਸਿੰਘ, ਪਰਮਜੀਤ ਸਿੰਘ ਘੁੰਮਣ, ਪ੍ਰਿੰਸੀਪਲ ਡਾ. ਸਤਵਿੰਦਰ ਸਿੰਘ, ਡਾ. ਗੁਰਕਮਲ ਸਿੰਘ, ਪ੍ਰਧਾਨ ਪੰਜਾਬੀ ਸੱਥ ਡਾ. ਨਿਰਮਲ ਸਿੰਘ ਆਦਿ ਵੀ ਹਾਜ਼ਰ ਸਨ।