ਨਿੱਜੀ ਪੱਤਰ ਪ੍ਰੇਰਕ
ਜਲੰਧਰ, 30 ਅਗਸਤ
ਇੱਥੋਂ ਦੇ ਬਸਤੀ ਪੀਰਦਾਦ ਰੋਡ ਨੇੜੇ ਰਹਿਣ ਵਾਲੇ 44 ਸਾਲਾ ਵਿਅਕਤੀ ਵੱਲੋਂ ਨਾਬਾਲਗ ਧੀ ਨਾਲ ਲਗਾਤਾਰ ਜਬਰ ਜਨਾਹ ਕੀਤੇ ਜਾਣ ਨਾਲ ਬੱਚੀ ਗਰਭਵਤੀ ਹੋ ਗਈ। ਗਰਭਵਤੀ ਹੋਈ ਧੀ ਨੇ ਜਦ ਬੱਚੀ ਨੂੰ ਜਨਮ ਦਿੱਤਾ ਤਾਂ ਪਿਉ ਨੇ ਨਵਜਾਤ ਬੱਚੀ ਨੂੰ ਨਹਿਰ ’ਚ ਸੁੱਟਣ ਦੀ ਕੋਸ਼ਿਸ਼ ਕੀਤੀ। ਇਸੇ ਦਰਮਿਆਨ ਇਲਾਕੇ ਦੇ ਕੁੱਝ ਲੋਕਾਂ ਨੇ ਇਹ ਦੇਖ ਕੇ ਹੰਗਾਮਾ ਖੜ੍ਹਾ ਕਰ ਦਿੱਤਾ। ਸਿਵਲ ਹਸਪਤਾਲ ਵਿੱਚ ਪੈਦਾ ਹੋਈ ਇਸ ਬੱਚੀ ਬਾਰੇ ਜਦੋਂ ਪੁਲੀਸ ਨੂੰ ਪਤਾ ਲੱਗਿਆ ਤਾਂ ਥਾਣਾ ਬਸਤੀ ਬਾਵਾ ਖੇਲ ਦੇ ਐੱਸ.ਐੱਚ.ਓ. ਪਰਮਿੰਦਰ ਸਿੰਘ ਥਿੰਦ ਅਤੇ ਥਾਣਾ ਨੰਬਰ 4 ਦੇ ਐੱਸ.ਐੱਚ.ਓ. ਕਮਲਜੀਤ ਸਿੰਘ ਸਿਵਲ ਹਸਪਤਾਲ ਪਹੁੰਚ ਗਏ। ਪੁਲੀਸ ਨੇ ਮੁਲਜ਼ਮ ਪਿਤਾ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਹਿਰਾਸਤ ’ਚ ਲੈ ਲਿਆ ਹੈ।