ਨਿੱਜੀ ਪੱਤਰ ਪ੍ਰੇਰਕ
ਜਲੰਧਰ, 9 ਜੂਨ
ਜਲੰਧਰ-ਫਗਵਾੜਾ ਹਾਈਵੇਅ ’ਤੇ ਇਕ ਢਾਬੇ ਤੋਂ ਰੋਟੀ ਖਾ ਕੇ ਆਪਣੇ ਘਰ ਪਰਤ ਰਹੇ ਪਰਿਵਾਰ ਨਾਲ ਉਦੋਂ ਹਾਦਸਾ ਵਾਪਰ ਗਿਆ ਜਦੋਂ ਉਨ੍ਹਾਂ ਦੀ ਕਾਰ ਪੈਂਚਰ ਹੋ ਗਈ ਤੇ ਉਹ ਬਾਹਰ ਸੜਕ ’ਤੇ ਖੜ੍ਹੇ ਹੋ ਗਏ। ਏਨੇ ਨੂੰ ਪਿੱਛੋਂ ਆਈ ਤੇਜ਼ ਰਫਤਾਰ ਕਾਰ ਦੇ ਨਸ਼ੇ ’ਚ ਟੱਲੀ ਡਰਾਈਵਰ ਨੇ ਉਨ੍ਹਾਂ ਨੂੰ ਦਰੜ ਦਿੱਤਾ। ਇਸ ਹਾਦਸੇ ਵਿੱਚ ਤਿੰਨ ਜਣੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।
ਇਹ ਹਾਦਸਾ ਲੰਘੀ ਦੇਰ ਰਾਤ 11.30 ਵਜੇ ਦੇ ਕਰੀਬ ਉਦੋਂ ਵਾਪਰਿਆ ਜਦੋਂ ਬੁਲੰਦਪੁਰ ਦਾ ਰਹਿਣ ਵਾਲਾ ਇਕ ਪਰਿਵਾਰ ਹਵੇਲੀ ਢਾਬੇ ਤੋਂ ਰੋਟੀ ਖਾ ਕੇ ਆਪਣੇ ਘਰ ਜਾਣ ਲਈ ਨਿੱਕਲਿਆ ਸੀ। ਕਾਰ ਪੈਂਚਰ ਹੋਣ ਕਾਰਨ ਪਰਿਵਾਰ ਕਾਰ ਤੋਂ ਹੇਠਾਂ ਉਤਰ ਕੇ ਸਾਈਡ ’ਤੇ ਖੜ੍ਹਾ ਹੋ ਗਿਆ ਤੇ ਪੈਂਚਰ ਹੋਈ ਕਾਰ ਦਾ ਟਾਇਰ ਬਦਲਿਆ ਜਾ ਰਿਹਾ ਸੀ। ਜਦੋਂ ਪਰਿਵਾਰਕ ਮੈਂਬਰ ਸੜਕ ’ਤੇ ਖੜ੍ਹੇ ਸਨ ਤਾਂ ਇਕ ਤੇਜ਼ ਰਫਤਾਰ ਗੱਡੀ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਇਸ ਘਟਨਾ ’ਚ ਇਕ ਲੜਕੀ ਦੀ ਲੱਤ ਟੁੱਟ ਗਈ ਤੇ ਉਸ ਦੀ ਮਾਂ ਦਾ ਚੂਲ਼ਾ ਟੁੱਟ ਗਿਆ ਜਦੋਂਕਿ ਪਿਤਾ ਵੀ ਗੰਭੀਰ ਜ਼ਖ਼ਮੀ ਹੈ। ਇਨ੍ਹਾਂ ਤਿੰਨਾਂ ਨੂੰ ਰਾਮਾਮੰਡੀ ਦੇ ਜੌਹਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਜਿਹੜੀ ਕਾਰ ਨੇ ਟੱਕਰ ਮਾਰੀ ਸੀ ਉਸ ਦਾ ਡਰਾਈਵਰ ਬਿਆਸ ਪਿੰਡ ਦਾ ਦੱਸਿਆ ਜਾ ਰਿਹਾ ਹੈ। ਪੁਲੀਸ ਨੇ ਡਰਾਈਵਰ ਨੂੰ ਹਿਰਾਸਤ ’ਚ ਲੈ ਲਿਆ ਹੈ।