ਜਗਜੀਤ ਸਿੰਘ
ਮੁਕੇਰੀਆਂ, 20 ਫਰਵਰੀ
ਸ਼ਹਿਰ ਦੀ ਵਾਰਡ ਨੰਬਰ 11 ਤੋਂ ਚੁਣੀ ਗਈ ਅਕਾਲੀ ਦਲ ਦੀ ਕੌਂਸਲਰ ਪੂਨਮ ਰੱਤੂ ਨੇ ਆਪਣੇ ਵਾਰਡ ਦੀ ਸ਼ਾਸਤਰੀ ਕਲੋਨੀ ਦੀ ਪਾਰਕ ਵਿੱਚ ਠੇਕੇਦਾਰ ਵੱਲੋਂ ਪਿੱਲੀਆਂ ਇੱਟਾਂ ਦੀ ਵਰਤੋਂ ਕਰਕੇ ਕੀਤੀ ਜਾ ਰਹੀ ਉਸਾਰੀ ਰੁਕਵਾ ਦਿੱਤੀ ਹੈ। ਪੂਨਮ ਰੱਤੂ ਨੇ ਦਾਅਵਾ ਕੀਤਾ ਕਿ ਉਹ ਆਪਣੇ ਵਾਰਡ ਵਿੱਚ ਵਿਕਾਸ ਕਾਰਜਾਂ ਵਿੱਚ ਗੈਰ ਮਿਆਰੀ ਸਮੱਗਰੀ ਦੀ ਵਰਤੋਂ ਨਹੀਂ ਹੋਣ ਦੇਵੇਗੀ। ਕੌਂਸਲ ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਂਚ ਕਰ ਕੇ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਸ਼ਹਿਰ ਦੇ ਵਾਰਡ ਨੰਬਰ 11 ਤੋਂ ਚੁਣੀ ਗਈ ਸ਼੍ਰੋਮਣੀ ਅਕਾਲੀ ਦਲ ਦੀ ਇੱਕੋ ਇੱਕ ਕੌਂਸਲਰ ਪੂਨਮ ਰੱਤੂ ਨੇ ਦੱਸਿਆ ਕਿ ਸ਼ਾਸਤਰੀ ਕਲੋਨੀ ਵਿੱਚ ਪਾਰਕ ਦੀ ਉਸਾਰੀ ਵਿੱਚ ਠੇਕੇਦਾਰ ਵੱਲੋਂ ਪਿੱਲੀਆਂ ਇੱਟਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਪਾਰਕ ਵਿੱਚ ਮਿੱਟੀ ਪਾਉਣ ਦੇ ਕੰਮ ਵਿੱਚ ਵੀ ਲੱਖਾਂ ਰੁਪਏ ਦੀ ਗੜਬੜੀ ਕੀਤੀ ਗਈ ਹੈ। ਉਸ ਨੇ ਸ਼ਹਿਰ ਦੇ ਵਸਨੀਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਆਪਣੇ ਵਾਰਡ ਦੇ ਵਿਕਾਸ ਕਾਰਜਾਂ ਵਿੱਚ ਧਾਂਦਲੀ ਨਹੀਂ ਹੋਣ ਦੇਵੇਗੀ। ਇਸ ਤਹਿਤ ਉਸ ਨੇ ਸਰਕਾਰੀ ਤੌਰ ’ਤੇ ਸੰਹੁ ਚੁੱਕਣ ਤੋਂ ਪਹਿਲਾਂ ਹੀ ਆਪਣੀ ਜ਼ਿੰਮੇਵਾਰ ਸਮਝਦਿਆਂ ਵਿਕਾਸ ਕਾਰਜਾਂ ਦੀ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ ਅਤੇ ਪਾਰਕ ਵਿੱਚ ਕੀਤੀ ਜਾ ਰਹੀ ਪਿੱਲੀਆਂ ਇੱਟਾਂ ਦੀ ਵਰਤੋਂ ਰੁਕਵਾ ਦਿੱਤੀ ਹੈ। ਇਸ ਸਬੰਧੀ ਨਗਰ ਕੌਂਸਲ ਦੇ ਐੱਸਓ ਨਰੇਸ਼ ਕੁਮਾਰ ਨੇ ਕਿਹਾ ਕਿ ਉਹ ਇਸ ਮਾਮਲੇ ਤੋਂ ਅਣਜਾਣ ਹਨ ਅਤੇ ਕਿਸੇ ਵੀ ਠੇਕੇਦਾਰ ਨੂੰ ਵਿਕਾਸ ਕਾਰਜਾਂ ਵਿੱਚ ਗੈਰਮਿਆਰੀ ਸਮੱਗਰੀ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਠੇਕੇਦਾਰ ਨੂੰ ਉੱਤਮ ਦਰਜੇ ਦੀ ਇੱਟ ਵਰਤਣ ਲਈ ਤੁਰੰਤ ਹਦਾਇਤਾਂ ਕੀਤੀਆਂ ਜਾਣਗੀਆਂ।