ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 25 ਮਈ
ਇਲਾਕੇ ਵਿਚ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਕਾਰਨ ਅੱਜ ਪੁਲੀਸ ਨੂੰ ਆਖ਼ਿਰਕਾਰ ਕੇਸ ਦਰਜ ਕਰਨਾ ਪਿਆ। ਮਿਲੀ ਜਾਣਕਾਰੀ ਅਨੁਸਾਰ ਨਸ਼ੇ ਦੀ ਓਵਰਡੋਜ਼ ਕਾਰਨ ਮਰੇ ਨੌਜਵਾਨ ਪਵਨ ਕੁਮਾਰ ਦੀ ਮਾਤਾ ਦੀ ਪਹਿਲਾਂ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਉਹ ਨਸ਼ਾ ਤਸਕਰ ਦਾ ਨਾਂ ਲੈ ਰਹੀ ਸੀ ਤੇ ਪੁਲੀਸ ਵਲੋਂ ਕੋਈ ਕਾਰਵਾਈ ਨਾ ਕਰਨ ਕਾਰਨ ਪੰਜਾਬੀ ਟ੍ਰਿਬਿਊਨ ਵਿੱਚ ਇਸ ਮਸਲੇ ਨੂੰ ਗੰਭੀਰਤਾ ਨਾਲ ਉਭਾਰਿਆ ਗਿਆ ਸੀ। ਜਿਸ ਤੋਂ ਬਾਅਦ ਹੋਰ ਅਖ਼ਬਾਰਾਂ ਨੇ ਵੀ ਇਸ ਮਸਲੇ ਨੂੰ ਚੁੱਕਿਆ ਸੀ। ਮੀਡੀਆ ਦੇ ਦਬਾਅ ਹੇਠ ਆ ਕੇ ਪੁਲੀਸ ਨੇ ਸ਼ੰਕਰ ਵਾਸੀ ਸੱਗਰਾਂ ਖਿਲਾਫ਼ ਪਵਨ ਕੁਮਾਰ ਨੂੰ ਨਸ਼ਾ ਆਦਿ ਮੁਹਈਆ ਕਰਵਾਉਣ ਅਤੇ ਨਸ਼ੇ ਦੀ ਓਵਰਡੋਜ ਦੇ ਸਬੰਧ ਵਿੱਚ ਕੇਸ ਦਰਜ ਕਰ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਛੇਤੀ ਹੀ ਮੁਲਜ਼ਮ ਸ਼ੰਕਰ ਨੂੰ ਕਾਬੂ ਕਰ ਲਿਆ ਜਾਵੇਗਾ। ਇਸੇ ਦੌਰਾਨ ਥਾਣਾ ਮੁਖੀ ਨੇ ਦੱਸਿਆ ਕਿ ਆਦਮਪੁਰ ਦੇ ਸਰਕਾਰੀ ਹਸਪਤਾਲ ਵਿੱਚ ਸਥਿੱਤ ਓਟ ਕਲੀਨਿਕ ਨੇੜ੍ਹੇ ਸ਼ਰੇਆਮ ਨਸ਼ਾ ਵੇਚ ਰਹੇ ਗਗਨਦੀਪ ਉਰਫ ਗੋਗੂ ਪੁੱਤਰ ਰਮੇਸ਼ ਕੁਮਾਰ ਵਾਸੀ ਆਦਮਪੁਰ ਪਾਸੋਂ 3 ਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਹੋਈ ਹੈ। ਜਿਸ ਵਿਰੁੱਧ ਵੀ ਕੇਸ ਦਰਜ ਕਰ ਲਿਆ ਹੈ। ਇਲਾਕੇ ਦੇ ਸਮਾਜਸੇਵੀਆਂ ਨੇ ਪੁਲੀਸ ਦੀ ਕਾਰਵਾਈ ਦੀ ਹਮਾਇਤ ਕਰਦਿਆਂ ਉੱਚ ਪੁਲੀਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਨਸ਼ਾਂ ਤਸਕਰਾਂ ਵਿਰੁੱਧ ਹੋਰ ਸਖਤ ਕਾਰਵਾਈ ਕੀਤੀ ਜਾਵੇ।