ਨਿੱਜੀ ਪੱਤਰ ਪ੍ਰੇਰਕ
ਜਲੰਧਰ, 14 ਸਤੰਬਰ
ਦੋ ਦਿਨਾਂ ਤੋਂ ਲਾਪਤਾ ਇੱਕ ਨੌਜਵਾਨ ਦੀ ਲਾਸ਼ ਚਿੱਟੀ ਵੇਈਂ ’ਚੋਂ ਮਿਲੀ ਹੈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਇਹ ਕਤਲ ਦਾ ਮਾਮਲਾ ਲੱਗ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿੰਡ ਚਿੱਤੇਵਾਣੀ ਦਾ 35 ਸਾਲਾ ਹਰਦੀਪ ਸਿੰਘ ਉਰਫ਼ ਬੰਟੀ 11 ਸਤੰਬਰ ਨੂੰ ਅਚਾਨਕ ਲਾਪਤਾ ਹੋ ਗਿਆ ਸੀ। ਉਸ ਦੇ ਘਰ ਵਾਪਸ ਨਾ ਆਉਣ ’ਤੇ ਪਰਿਵਾਰ ਨੇ 12 ਸਤੰਬਰ ਨੂੰ ਪੁਲੀਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਜਦੋਂ ਪੜਤਾਲ ਸ਼ੁਰੂ ਹੋਈ ਤਾਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਜਿਸ ਦੌਰਾਨ ਪਿੰਡ ਦੇ ਹੀ ਦੋ ਨੌਜਵਾਨ ਲਾਪਤਾ ਹਰਦੀਪ ਸਿੰਘ ਉਰਫ ਬੰਟੀ ਨਾਲ ਨਜ਼ਰ ਆਏ ਸਨ।
ਬੰਟੀ ਦੇ ਭਰਾ ਗੁਰਦੀਪ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿੱਚ ਨਜ਼ਰ ਆਏ ਨੌਜਵਾਨਾਂ ਕੋਲੋਂ ਜਦੋਂ ਪੁਲੀਸ ਨੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਹਰਦੀਪ ਸਿੰਘ ਦੀ ਲਾਸ਼ ਬਰਾਮਦ ਹੋਈ। ਪੁਲੀਸ ਨੇ ਇਨ੍ਹਾਂ ਦੋਵਾਂ ਨੌਜਵਾਨਾਂ ਐਲਬਰਟ ਉਰਫ਼ ਵਿੱਕੀ ਅਤੇ ਉਸ ਦੇ ਭਰਾ ਟੋਨੀ ’ਤੇ ਕਤਲ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਥਾਣਾ ਸਦਰ ਦੇ ਐੱਸਐੱਚਓ ਸੁਖਦੇਵ ਸਿੰਘ ਨੇ ਕਿਹਾ ਕਿ ਦੋਵੇਂ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਵੱਲੋਂ ਦੱਸੇ ਗਏ ਪਿੰਡ ਜੁਗਰਾਲ ਨੇੜਿਓਂ ਲੰਘਦੀ ਚਿੱਟੀ ਵੇਈਂ ’ਚ ਲਾਸ਼ ਨੂੰ ਗੋਤਾਖੋਰਾਂ ਦੀ ਮਦਦ ਨਾਲ ਲੱਭਿਆ ਗਿਆ। ਉਨ੍ਹਾਂ ਕਿਹਾ ਕਿ ਦੋਵਾਂ ਮੁਲਜ਼ਮਾਂ ਕੋਲੋਂ ਇਸ ਗੱਲ ਦੀ ਪੁੱਛਗਿੱਛ ਕੀਤੀ ਜਾਣੀ ਹੈ ਕਿ ਇਸ ਕਤਲ ਦਾ ਕਾਰਨ ਕੀ ਹੈ?