ਭਗਵਾਨ ਦਾਸ ਸੰਦਲ
ਦਸੂਹਾ, 10 ਜੂਨ
ਆਪਣੇ ਪਰਿਵਾਰ ਨੂੰ ਆਰਥਿਕ ਮੰਦਹਾਲੀ ਦੇ ਬੋਝ ਤੋਂ ਮੁਕਤ ਕਰਵਾਉਣ ਦੇ ਸੁਪਨੇ ਦਿਲ ’ਚ ਸਮੋਈ ਕੁਝ ਮਹੀਨੇ ਪਹਿਲਾਂ ਪੁਰਤਗਾਲ ਗਏ ਸ਼ੁਭਮ ਸ਼ਰਮਾ (28) ਪੁੱਤਰ ਰਮੇਸ਼ ਕੁਮਾਰ ਵਾਸੀ ਮੋਤੀ ਨਗਰ ਦਸੂਹਾ ਦਾ 29 ਮਈ ਦੀ ਸ਼ਾਮ ਨੂੰ ਕਤਲ ਹੋ ਗਿਆ ਸੀ। ਪੁਰਤਗਾਲ, ਫਰਾਂਸ ਤੇ ਜਰਮਨ ਦੇ ਸਮਾਜ ਸੇਵੀਆਂ ਤੇ ਗੁਰੂਘਰਾਂ ਦੇ ਅਣਥਕ ਯਤਨਾਂ ਸਦਕਾ ਅੱਜ 11 ਦਿਨ ਮਗਰੋਂ ਉਸ ਦੀ ਮ੍ਰਿਤਕ ਦੇਹ ਦਸੂਹਾ ਪੁੱਜਣ ’ਤੇ ਇਲਾਕੇ ਦਾ ਮਾਹੌਲ ਗਮਗੀਨ ਹੋ ਗਿਆ। ਮ੍ਰਿਤਕ ਦੇਹ ਦਾ ਸਥਾਨਕ ਪ੍ਰਾਚੀਨ ਪਾਂਡਵ ਸਰੋਵਰ ਨੇੜਲੇ ਸ਼ਮਸ਼ਾਨਘਾਟ ਵਿੱਚ ਸਸਕਾਰ ਕਰ ਦਿੱਤਾ ਗਿਆ। ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮ੍ਰਿਤਕ ਦੇ ਪਿਤਾ ਰਮੇਸ਼ ਕੁਮਾਰ ਨੇ ਦੱਸਿਆ ਕਿ ਉਹ ਦਿਹਾੜੀਦਾਰ ਹੈ ਤੇ ਕਰਜ਼ਾ ਚੁੱਕ ਕੇ ਢਾਈ ਸਾਲ ਪਹਿਲਾਂ ਸ਼ੁਭਮ ਨੂੰ ਚੰਗਰੇ ਭਵਿੱਖ ਲਈ ਸਾਇਪ੍ਰਸ ਭੇਜਿਆ ਸੀ ਪਰ ਉਥੇ ਰੁਜ਼ਗਾਰ ਦੇ ਬਹੁਤੇ ਵਧੀਆ ਸਾਧਨ ਨਾ ਹੋਣ ਕਾਰਨ ਉਹ ਕੁਝ ਮਹੀਨੇ ਪਹਿਲਾਂ ਪੁਰਤਗਾਲ ਚਲਾ ਗਿਆ ਸੀ। 29 ਮਈ ਦੀ ਸ਼ਾਮ ਨੂੰ ਕੰਮ ਤੋਂ ਵਾਪਸ ਪਰਤਦਿਆਂ ਇਕ ਅਣਪਛਾਤੇ ਵਿਅਕਤੀ ਨੇ ਉਸ ਦੀ ਗਰਦਨ ’ਤੇ ਚਾਕੂ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਜਿਸ ਬਾਰੇ ਉਨ੍ਹਾਂ ਨੂੰ 30 ਜੂਨ ਦੀ ਸਵੇਰੇ ਨੂੰ ਪੁਰਤਗਾਲ ਤੋਂ ਆਏ ਫੋਨ ਤੋਂ ਪਤਾ ਲੱਗਿਆ। ਉਸ ਨੇ ਦੱਸਿਆ ਕਿ ਉਸ ਨੇ ਪੁੱਤਰ ਵੀ ਗਵਾ ਲਿਆ ਤੇ 15 ਲੱਖ ਦੇ ਕਰਜ਼ੇ ਹੇਠ ਵੀ ਆ ਗਿਆ। ਪੀੜਤ ਪਰਿਵਾਰ ਨੇ ਵਿਦੇਸ਼ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ ਉਸ ਦੇ ਪੁੱਤਰ ਦੇ ਕਾਤਲਾਂ ਨੂੰ ਸਜਾ ਦਵਾਉਣ ਲਈ ਪੁਰਤਗਾਲ ਦੇ ਸਫਾਰਤਖਾਨੇ ਨਾਲ ਰਾਬਤਾ ਕੀਤਾ ਜਾਵੇ।