ਪੱਤਰ ਪ੍ਰੇਰਕ
ਟਾਂਡਾ, 11 ਜੂਨ
ਇਥੇ ਥਾਣਾ ਕੈਂਪਸ ਵਿੱਚ ਅੱਜ ਸ਼ਾਮੀਂ ਕਰੀਬ 4.30 ਵਜੇ ਪੁਰਾਣੇ ਮੁਕੱਦਮਿਆਂ ਵਿਚ ਜ਼ਬਤ ਕੀਤੇ ਵਾਹਨਾਂ ਨੂੰ ਅਚਾਨਕ ਅੱਗ ਲੱਗ ਗਈ। ਦੇਖਦਿਆਂ ਹੀ ਦੇਖਦਿਆਂ ਇਹ ਅੱਗ ਭਿਆਨਕ ਰੂਪ ਧਾਰਨ ਕਰ ਗਈ ਅਤੇ ਅੱਗ ਦੀਆਂ ਉੱਚੀਆਂ-ਉੱਚੀਆਂ ਲਪਟਾਂ ਉੱਠਣ ਲੱਗੀਆਂ। ਇਹ ਅੱਗ ਥਾਣੇ ਦੇ ਸਾਂਝ ਕੇਂਦਰ ਦੇ ਪਿਛਲੇ ਹਿੱਸੇ ਵਿੱਚ ਪਏ ਵਾਹਨਾਂ ਨੂੰ ਲੱਗੀ। ਪੁਲੀਸ ਕਰਮਚਾਰੀਆਂ ਨੇ ਸਾਂਝ ਕੇਂਦਰ ਵਿਚੋਂ ਸਾਮਾਨ ਬਾਹਰ ਕੱਢਿਆ। ਨਗਰ ਕੌਂਸਲ ਤੋਂ ਆਈ ਫਾਇਰ ਬ੍ਰਿਗੇਡ ਦੀ ਟੀਮ ਨੇ ਘੰਟੇ ਦੀ ਜੱਦੋਜਹਿਦ ਮਗਰੋਂ ਅੱਗ ’ਤੇ ਕਾਬੂ ਪਾਇਆ ਅਤੇ ਇਸ ਨੂੰ ਸਾਂਝ ਕੇਂਦਰ ਤੇ ਨਾਲ ਲੱਗਦੇ ਡੀਐੱਸਪੀ ਦਫਤਰ ਤੱਕ ਫੈਲਣ ਤੋਂ ਰੋਕਿਆ। ਅੱਗ ਕਾਰਨ ਕਰੀਬ 30 ਵਾਹਨ ਬੁਰੀ ਤਰ੍ਹਾਂ ਸੜ ਗਏ ਹਨ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।