ਜਗਜੀਤ ਸਿੰਘ
ਮੁਕੇਰੀਆਂ (ਗੜ੍ਹਦੀਵਾਲਾ), 17 ਦਸੰਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਗੜ੍ਹਦੀਵਾਲਾ ਫੇਰੀ ਦੌਰਾਨ ਸ਼ਹਿਰ ਦੇ ਪ੍ਰਸਿੱਧ ਦੇਵੀ ਮੰਦਰ ਵਿਖੇ ਕਾਂਗਰਸ ਦੇ ਸਾਬਕਾ ਸ਼ਹਿਰੀ ਪ੍ਰਧਾਨ ਰਣਜੀਤ ਪੁਰੀ ਤੇ ਭਾਜਪਾ ਦੇ ਜ਼ਿਲ੍ਹਾ ਆਗੂ ਸਵਰਨ ਕਾਂਤ ਵਲੋਂ ਸਨਮਾਨ ਕਰਨ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਇਸ ਉਪਰੰਤ ਸ਼ਹਿਰ ਅੰਦਰ ਉਨ੍ਹਾਂ ਉੱਘੇ ਕਾਂਗਰਸੀਆਂ ਤੇ ਭਾਜਪਾਈਆਂ ਨਾਲ ਸੈਲਫੀਆਂ ਲੈਂਦਿਆਂ ਵੱਡੇ ਵਾਅਦੇ ਕੀਤੇ। ਸ੍ਰੀ ਬਾਦਲ ਵਲੋਂ ਇਨ੍ਹਾਂ ਦੁਕਾਨਦਾਰਾਂ ਨਾਲ ਨੇੜਤਾ ਦਿਖਾਉਣਾ ਵਿਰੋਧੀ ਪਾਰਟੀਆਂ ਲਈ ਚਿੰਤਾਜਨਕ ਹੋਵੇਗਾ ਕਿਉਂਕਿ ਉੜਮੁੜ ਹਲਕੇ ਤੋਂ ਵਿਧਾਇਕ ਸੰਗਤ ਸਿੰਘ ਗਿਲਜ਼ੀਆਂ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਵੀ ਹਨ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਵੀ ਇਸੇ ਖੇਤਰ ਨਾਲ ਸਬੰਧਤ ਹਨ। ਇਸ ਦੌਰਾਨ ਬਸਪਾ ਉਮੀਦਵਾਰ ਲਖਵਿੰਦਰ ਲੱਖੀ ਦੇ ਪੱਖ ’ਚ ਮਸਤੀਵਾਲ ਵਿਖੇ ਸੁਖਬੀਰ ਬਾਦਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਅੰਦਰ ਚਾਰ ਪਾਰਟੀਆਂ ਸੱਤਾ ਪ੍ਰਾਪਤੀ ਲਈ ਜ਼ੋਰ ਅਜਮਾਈ ਕਰ ਰਹੀਆਂ ਹਨ, ਜਿਨ੍ਹਾਂ ਵਿੱਚੋਂ 3 ਨੂੰ ਦਿੱਲੀ ਤੋਂ ਹੁਕਮ ਉਡੀਕਣੇ ਪੈਂਦੇ ਹਨ ਪਰ ਕੇਵਲ ਸ਼੍ਰੋਮਣੀ ਅਕਾਲੀ ਦਲ ਅਜਿਹੀ ਪਾਰਟੀ ਹੈ, ਜਿਸ ਨੂੰ ਲੋਕਾਂ ਨੂੰ ਸਹੂਲਤਾਂ ਦੇਣ ਲਈ ਕਿਸੇ ਦੇ ਹੁਕਮ ਲੈਣ ਦੀ ਲੋੜ ਨਹੀਂ ਹੈ।