ਪੱਤਰ ਪ੍ਰੇਰਕ
ਟਾਂਡਾ, 12 ਜੂਨ
ਇਥੋਂ ਦੇ ਰੇਲਵੇ ਸਟੇਸ਼ਨ ’ਤੇ ਕਰੋਨਾ ਕਾਲ ਤੋਂ ਰੱਦ ਕੀਤੀਆਂ ਗਈਆਂ ਰੇਲ ਗੱਡੀਆਂ ਨੂੰ ਮੁੜ ਬਹਾਲ ਕਰਵਾਉਣ ਦੇ ਮੁੱਦੇ ਨੂੰ ਲੈ ਕੇ 6 ਜੂਨ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ਼ਵਿੰਦਰ ਸਿੰਘ ਚੁਤਾਲਾ ਦੇ ਦਿਸ਼ਾ ਨਿਰਦੇਸ਼ ਹੇਠ ਜ਼ੋਨ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਤੇ ਅਵਤਾਰ ਸਿੰਘ ਸੇਖੋਂ ਦੀ ਅਗਵਾਈ ਹੇਠ ਟਾਂਡਾ ਰੇਲਵੇ ਸਟੇਸ਼ਨ ’ਤੇ ਕੇਂਦਰੀ ਰੇਲਵੇ ਮੰਤਰੀ ਦਾ ਪੁਤਲਾ ਫੂਕਿਆ ਗਿਆ ਸੀ। ਉਸ ਵੇੇਲੇ ਰੇਲਵੇ ਵਿਭਾਗ ਨੂੰ ਅਲਟੀਮੇਟਮ ਦਿੱਤਾ ਗਿਆ ਸੀ ਕਿ ਜੇ 11 ਜੂਨ ਤੱਕ ਰੱਦ ਕੀਤੀਆਂ ਰੇਲ ਗੱਡੀਆਂ ਬਹਾਲ ਨਾ ਕੀਤੀਆਂ ਗਈਆਂ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 12 ਜੂਨ ਨੂੰ 2 ਘੰਟੇ ਲਈ ਰੇਲਵੇ ਟਰੈਕ ਜਾਮ ਕੀਤਾ ਜਾਵੇਗਾ ਪਰ ਰੇਲਵੇ ਵੱਲੋਂ ਅਜੇ ਤੱਕ ਰੇਲ ਗੱਡੀਆਂ ਬਹਾਲ ਨਾ ਕਰਨ ਦੇ ਰੋਸ ਵਜੋਂ ਅੱਜ ਜਦੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪਰਮਜੀਤ ਸਿੰਘ ਭੁੱਲਾ ਦੀ ਅਗਵਾਈ ਹੇਠ ਕਿਸਾਨ ਰੇਲਵੇ ਸਟੇਸ਼ਨ ’ਤੇ ਪਹੁੰਚੇ ਤਾਂ ਉਥੇ ਪਹਿਲਾਂ ਤੋਂ ਹੀ ਭਾਰੀ ਗਿਣਤੀ ਵਿੱਚ ਤਾਇਨਾਤ ਰੇਲਵੇ ਤੇ ਸਥਾਨਕ ਪੁਲੀਸ ਵੱਲੋਂ ਉਨ੍ਹਾਂ ਨੂੰ ਰੋਕਣ ’ਤੇ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕਰਕੇ ਰੇਲਵੇ ਵਿਭਾਗ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬਣੇ ਹਾਲਾਤਾਂ ਨੂੰ ਦੇਖਦਿਆਂ ਡੀ.ਆਰ.ਐੱਮ ਆਫਿਸ ਫਿਰੋਜ਼ਪੁਰ ਦੇ ਟ੍ਰੈਫਿਕ ਇੰਚਾਰਜ ਰਾਮ ਅਵਤਾਰ, ਜੀ.ਆਰ.ਪੀ ਡਿਵੀਜ਼ਨ ਜਲੰਧਰ ਦੇ ਡੀ.ਐੱਸ.ਪੀ., ਡੀ.ਐ ੱਸ.ਪੀ ਆਪ੍ਰੇਸ਼ਨ, ਰੇਲਵੇ ਐੱਸ.ਐੱਚ.ਓ. ਬਲਬੀਰ ਸਿੰਘ ਤੇ ਐੱਸ.ਐੱਚ.ਓ. ਥਾਣਾ ਟਾਂਡਾ ਉਂਕਾਰ ਸਿੰਘ ਬਰਾੜ ਨੇ ਰੇਲਵੇ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਕਿਸਾਨ ਯੂਨੀਅਨ ਨੇਤਾਵਾਂ ਨੂੰ ਭਰੋਸਾ ਦਿੱਤਾ ਕਿ 22 ਜੂਨ ਤੱਕ ਰੱਦ ਕੀਤੀਆਂ ਰੇਲ ਗੱਡੀਆਂ ਬਹਾਲ ਕਰ ਦਿੱਤੀਆਂ ਜਾਣਗੀਆਂ। ਇਹ ਭਰੋਸਾ ਮਿਲਣ ’ਤੇ ਕਿਸਾਨਾਂ ਨੇ ਅੱਜ ਦਾ ਰੇਲਵੇ ਟਰੈਕ ਨੂੰ ਜਾਮ ਕਰਨ ਦਾ ਪ੍ਰੋਗਰਾਮ ਮੁਲਤਵੀ ਕਰ ਕੇ ਉੱਚ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇ 22 ਜੂਨ ਤੱਕ ਟਾਂਡਾ ਰੇਲਵੇ ਸਟੇਸ਼ਨ ’ਤੇ ਰੱਦ ਕੀਤੀਆਂ ਗੱਡੀਆਂ ਬਹਾਲ ਨਾ ਕੀਤੀਆਂ ਤਾਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਸੰਘਰਸ਼ ਅਣਮਿਥੇ ਸਮੇਂ ਲਈ ਰੇਲਵੇ ਟਰੈਕ ’ਤੇ ਧਰਨਾ ਦੇਵੇਗੀ।
ਇਸ ਮੌਕੇ ਗੁਰਬਖ਼ਸ਼ ਸਿੰਘ ਝਾਂਸ, ਸੁੱਚਾ ਥਿਆੜਾ, ਭੁਪਿੰਦਰ ਸਿੰਘ, ਕਰਮਜੀਤ ਨੰਗਲ, ਬੇਅੰਤ ਕੌਰ, ਇਕਬਾਲ ਕੌਰ, ਨਵਜੋਤ ਕੌਰ, ਰਣਜੀਤ ਕੌਰ, ਜਸਵਿੰਦਰ ਕੌਰ, ਮਨਦੀਪ ਕੌਰ, ਜਗਦੀਪ ਸਿੰਘ ਗਿੱਲ, ਗੁਰਸ਼ਰਨ ਸਿੰਘ, ਵਿਕਾਸ ਮਰਵਾਹਾ, ਕਮਲਜੀਤ ਮੰਗਾ, ਮਨਦੀਪ ਭਿੰਡਰ ਆਦਿ ਹਾਜ਼ਰ ਸਨ।