ਜੋਗਿੰਦਰ ਕੁੱਲੇਵਾਲ
ਗੜ੍ਹਸ਼ੰਕਰ, 7 ਨਵੰਬਰ
ਇੱਥੋਂ ਥੋੜ੍ਹੀ ਦੂਰ ਪਿੰਡ ਘਾਗੋਂ ਰੋੜਾਂ ਵਾਲੀ ਵਿੱਚ ਲੰਘੀ ਦੇਰ ਰਾਤ ਮੁਸਲਿਮ ਗੁੱਜਰ ਭਾਈਚਾਰੇ ਦੇ ਘਰਾਂ ਦੇ ਨਜ਼ਦੀਕ ਪਰਾਲੀ ਨੂੰ ਲੱਗੀ ਭਿਆਨਕ ਅੱਗ ਨਾਲ ਪਰਾਲੀ ਦੇ ਢੇਰ ਸੜਕੇ ਰਾਖ ਬਣ ਗਏ ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਜਾਣਕਾਰੀ ਅਨੁਸਾਰ ਨੂਰ ਮਾਹੀ ਅਤੇ ਹੁਸਨਦੀਨ ਪੁੱਤਰ ਇਬਰਾਹੀਮ ਨੇ ਦੱਸਿਆ ਕਿ ਪਸ਼ੂਆਂ ਦੇ ਚਾਰੇ ਲਈ ਇਕੱਠੀ ਕੀਤੀ ਹੋਈ ਪਰਾਲੀ ਦੇ ਵੱਡੇ ਢੇਰਾਂ ਨੂੰ ਅੱਗ ਲੱਗਣ ’ਤੇ ਲੋਕਾਂ ਨੇ ਇਸਨੂੰ ਬੁਝਾਉਣ ਦੇ ਕਾਫ਼ੀ ਯਤਨ ਕੀਤੇ ਪਰ ਇਸ ’ਤੇ ਕਾਬੂ ਨਾ ਪਾਇਆ ਜਾ ਸਕਿਆ। ਅੱਗ ਬੁਝਾਊ ਗੱਡੀ ਨੇ ਅੱਗ ਦੀਆਂ ਲਾਟਾਂ ’ਤੇ ਕਾਬੂ ਪਾਇਆ ਪਰ ਉੱਨੇ ਸਮੇਂ ’ਚ ਸਾਰੀ ਪਰਾਲੀ ਸੜ ਗਈ ਸੀ।
ਪਰਿਵਾਰ ਦੇ ਦੱਸਣ ਅਨੁਸਾਰ ਢਾਈ ਲੱਖ ਰਪਏ ਦੇ ਕਰੀਬ ਨੁਕਸਾਨ ਹੋਇਆ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਇਸ ਸਬੰਧੀ ਪੁਲੀਸ ਨੂੰ ਵੀ ਸੂਚਿਤ ਕੀਤਾ ਗਿਆ ਹੈ ਪਰ ਪੁਲੀਸ ਅਜੇ ਤੱਕ ਮੌਕਾ ਦੇਖਣ ਨਹੀਂ ਸੀ ਆਈ। ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ।