ਪਾਲ ਸਿੰਘ ਨੌਲੀ
ਜਲੰਧਰ, 16 ਜਨਵਰੀ
ਕੜਾਕੇ ਦੀ ਠੰਢ ਦੇ ਬਾਵਜੂਦ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਝੰਡੇ ਹੇਠ ਟਰੈਕਟਰ ਮਾਰਚ ਕੀਤਾ ਗਿਆ। ਇਸ ਮਾਰਚ ਵਿਚ 500 ਤੋਂ ਵੱਧ ਟਰੈਕਟਰ ਸ਼ਾਮਿਲ ਸਨ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚੋਂ ਲੰਘੇ ਟਰੈਕਟਰ ਮਾਰਚ ਦੌਰਾਨ ਕਿਸਾਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਹਰਸਲਿੰਦਰ ਸਿੰਘ ਨੇ ਦੱਸਿਆ ਕਿ 26 ਜਨਵਰੀ ਨੂੰ ਦਿੱਲੀ ਦੀਆਂ ਸੜਕਾਂ ’ਤੇ ਕੀਤੀ ਜਾਣ ਵਾਲੀ ਕਿਸਾਨ ਪਰੇਡ ਦੀ ਅੱਜ ਰਿਹਰਸਲ ਕੀਤੀ ਗਈ ਹੈ। ਇਹ ਟਰੈਕਟਰ ਮਾਰਚ ਸਵੇਰੇ 11 ਵਜੇ ਪਿੰਡ ਸੰਘਵਾਲ ਦੇ ਸਟੇਡੀਅਮ ਤੋਂ ਸ਼ੁਰੂ ਹੋਇਆ ਸੀ। ਇਸ ਮਾਰਚ ਦੀ ਅਗਵਾਈ ਕਰਨ ਵਾਲੇ ਟਰੈਕਟਰ ਵਿਚ ਟਰੱਕ ਦਾ ਇੰਜਣ ਦਾ ਰੱਖਿਆ ਗਿਆ ਹੈ। ਇਨ੍ਹਾਂ ਟਰੈਕਟਰਾਂ ’ਤੇ ਕਿਸਾਨੀ ਤੇ ਖਾਲਸਾਈ ਝੰਡੇ ਲੱਗੇ ਹੋਏ ਸਨ। ਇਸ ਮਾਰਚ ਦੌਰਾਨ ਟਰੈਕਟਰਾਂ ’ਤੇ ਕਲਾਕਾਰਾਂ ਵੱਲੋਂ ਕਿਸਾਨੀ ਘੋਲ ਬਾਰੇ ਗਾਏ ਨਵੇਂ ਗੀਤ ਲਾਏ ਹੋਏ ਸਨ।
ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ ਅਟਵਾਲ, ਗੁਰਚਰਨ ਸਿੰਘ ਕੋਟਲੀ, ਨਰਿੰਦਰ ਸਿੰਘ ਨੰਨੀ, ਬੱਲਾਂ ਪਿੰਡ ਦੇ ਸਰਪੰਚ ਪ੍ਰਦੀਪ ਕੁਮਾਰ ਅਤੇ ਰਜੇਸ਼ ਕੁਮਾਰ ਨੇ ਦੱਸਿਆ ਕਿ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਟਰੈਕਟਰ 23 ਜਨਵਰੀ ਨੂੰ ਦਿੱਲੀ ਵਾਸਤੇ ਚਾਲੇ ਪਾਉਣਗੇ।
ਕਾਹਨੂੰਵਾਨ (ਵਰਿੰਦਰਜੀਤ ਜਾਗੋਵਾਲ): ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਜਨਵਰੀ ਨੂੰ ਟਰੈਕਟਰ ਪਰੇਡ ਕਰਨ ਦੇ ਦਿੱਤੇ ਸੱਦੇ ਨੂੰ ਸਫ਼ਲ ਕਰਨ ਲਈ ਨੌਜਵਾਨਾਂ ਵੱਲੋਂ ਰਿਹਰਸਲ ਦੇ ਤੌਰ ’ਤੇ ਅੱਜ ਟਰੈਕਟਰ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਹਲਕੇ ਭਰ ਦੀਆਂ ਕਿਸਾਨ ਜਥੇਬੰਦੀਆਂ ਅਤੇ ਆਮ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸਵੇਰ ਸਮੇਂ ਕਿਸਾਨ ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਟਰੈਕਟਰ ਮਾਰਚ ਸ਼ੁਰੂ ਕੀਤਾ ਗਿਆ। ਇਸ ਰੈਲੀ ਦੇ ਮੁੱਖ ਪ੍ਰਬੰਧਕਾਂ ਜਸਬੀਰ ਸਿੰਘ ਫੇਰੋਚੇਚੀ, ਸੋਨੀ ਭਲਵਾਨ, ਸੰਦੀਪ ਭੋਜ, ਅਮਰ ਕ੍ਰਾਂਤੀ, ਰਾਹੁਲ ਸ਼ਰਮਾ, ਨੰਬਰਦਾਰ ਸੁਰੇਸ਼ ਸਿੰਘ, ਨਵੀ ਲੁਬਾਣਾ ਗੁਰਮੀਤ ਸਿੰਘ ਛੀਨਾ, ਗੁਰਜੀਤ ਬਾਜਵਾ ਨੇ ਕਿਹਾ ਕਿ ਜਦੋਂ ਤਕ ਖੇਤੀ ਕਾਨੂੰਨ ਵਾਪਸ ਨਹੀਂ ਹੋ ਜਾਂਦੇ, ਉਦੋਂ ਤਕ ਕਿਸਾਨ ਸੰਘਰਸ਼ ਜਾਰੀ ਰਹੇਗਾ। ਕਿਸਾਨ ਆਗੂਆਂ ਨੇ ਕਿਹਾ ਕਿ 26 ਜਨਵਰੀ ਨੂੰ ਦਿੱਲੀ ਵਿਚ ਹੋਣ ਵਾਲੀ ਟਰੈਕਟਰ ਪਰੇਡ ਦੌਰਾਨ ਵੀ ਉਹ ਸੈਂਕੜਿਆਂ ਦੀ ਗਿਣਤੀ ਟਰੈਕਟਰ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਨੂੰ ਲੈ ਕੇ ਦਿੱਲੀ ਨੂੰ ਰਵਾਨਾ ਹੋਣਗੇ। ਇਹ ਟਰੈਕਟਰ ਮਾਰਚ ਫੇਰੋਚੇਚੀ ਤੋਂ ਸੁਰੂ ਹੋ ਕੇ ਭੈਣੀ ਮੀਆਂ ਖਾਂ, ਚੱਕ ਸ਼ਰੀਫ਼, ਕਾਹਨੂੰਵਾਨ, ਕਾਦੀਆਂ, ਤੁਗਲਵਾਲ, ਹਰਚੋਵਾਲ ਹੁੰਦਾ ਹੋਇਆ ਵਾਪਸ ਪਿੰਡ ਫੇਰੋਚੇਚੀ ਪਹੁੰਚਿਆ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਕਿਸਾਨ ਜਥੇਬੰਦੀਆਂ ਵੱਲੋਂ ਲਾਚੋਵਾਲ ਟੌਲ ਪਲਾਜ਼ਾ ’ਤੇ ਦਿੱਤਾ ਜਾ ਰਿਹਾ ਧਰਨਾ ਲਗਾਤਾਰ ਜਾਰੀ ਹੈ। ਅੱਜ 101ਵੇਂ ਦਿਨ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਗੁਰਦੀਪ ਸਿੰਘ ਖੁਣ-ਖੁਣ, ਪਰਮਿੰਦਰ ਸਿੰਘ ਲਾਚੋਵਾਲ ਅਤੇ ਉਂਕਾਰ ਸਿੰਘ ਧਾਮੀ ਨੇ ਕਿਹਾ ਕਿ ਲੋਕਾਂ ਵੱਲੋਂ ਚੁਣੀ ਸਰਕਾਰ ਤਾਨਾਸ਼ਾਹ ਵਾਲਾ ਵਤੀਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 18 ਜਨਵਰੀ ਨੂੰ ਮਹਿਲਾ ਕਿਸਾਨ ਦਿਵਸ ਮਨਾਇਆ ਜਾਵੇਗਾ ਜਿਸ ਵਿਚ ਸ਼ਾਮਿਲ ਹੋਣ ਲਈ ਉਨ੍ਹਾਂ ਨੇ ਮਹਿਲਾਵਾਂ ਨੂੰ ਵਧ ਚੜ੍ਹ ਕੇ ਪੁੱਜਣ ਦਾ ਸੱਦਾ ਦਿੱਤਾ।
ਕਿਸਾਨ ਜਥੇਬੰਦੀਆਂ ਵੱਲੋਂ ਮਿਨੀ ਸਕੱਤਰੇਤ ਨੇੜੇ ਜੀਓ ਦਫ਼ਤਰ ਦੇ ਬਾਹਰ ਦਿਨ-ਰਾਤ ਦਾ ਧਰਨਾ ਲਗਾਤਾਰ ਜਾਰੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਅੜੀਅਲ ਰਵੱਈਆ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਣਾ ਚਾਹੀਦਾ ਹੈ। ਧਰਨੇ ਵਿਚ ਹੋਰਨਾਂ ਤੋਂ ਇਲਾਵਾ ਕਾਮਰੇਡ ਗੁਰਮੇਸ਼ ਸਿੰਘ, ਗੁਰਨਾਮ ਸਿੰਘ ਸਿੰਗੜੀਵਾਲਾ, ਗੰਗਾ ਪ੍ਰਸਾਦ ਆਦਿ ਸ਼ਾਮਿਲ ਸਨ।
ਮਾਨਸਰ (ਮਨਪ੍ਰੀਤ ਸਿੰਘ): ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ਼ ਮਾਨਸਰ ਟੌਲ ਪਲਾਜ਼ਾ ਤੇ 98ਵੇਂ ਦਿਨ ਵੀ ਧਰਨਾ ਜਾਰੀ ਰਿਹਾ। ਕਿਸਾਨਾਂ ਨੇ ਪ੍ਰਧਾਨ ਮੰਤਰੀ, ਅਡਾਨੀ, ਅੰਬਾਨੀ ਤੇ ਸਰਕਾਰ ਪੱਖੀ ਮੀਡੀਆ ਵਿਰੁੱਧ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਕਿਹਾ ਕਿ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਗੈਰ ਹੋਰ ਕੋਈ ਵੀ ਸਮਝੌਤਾ ਨਹੀਂ ਕਰਨਗੇ।
ਕਾਦੀਆਂ (ਮਕਬੂਲ ਅਹਿਮਦ): ਅੱਜ ਕਾਦੀਆਂ ’ਚ ਕਿਸਾਨਾਂ ਵੱਲੋਂ ਟਰੈਕਟਰ ਰੈਲੀ ਕੱਢੀ ਗਈ। ਇੱਸ ਵਿਚ ਲਗਪਗ 200 ਟਰੈਕਟਰ ਸ਼ਾਮਿਲ ਸਨ। ਕਾਦੀਆਂ ਪਹੁੰਚਣ ’ਤੇ ਇਸ ਰੈਲੀ ਦਾ ਸਵਾਗਤ ਕੀਤਾ ਗਿਆ। ਕਿਸਾਨਾਂ ਨੇ ਪ੍ਰਧਾਨ ਮੰਤਰੀ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ।