ਸੁਰਜੀਤ ਮਜਾਰੀ
ਬੰਗਾ, 21 ਮਈ
ਸ੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਾਰਾ ਨੇ ਕਿਹਾ ਕਿ ਕਾਂਗਰਸ ਨੇ ਪਰਿਵਾਰਵਾਦ ਦੀ ਰਾਜਨੀਤੀ ਕਰਦਿਆਂ ਦੇਸ਼ ਦਾ ਨੁਕਸਾਨ ਕੀਤਾ ਹੈ। ਉਹ ਅੱਜ ਇੱਥੇ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕਰਨ ਲਈ ਪੁੱਜੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਵਾਂਗ ਭਾਜਪਾ ਅਤੇ ‘ਆਪ’ ਵੀ ਦੇਸ਼ ਨੂੰ ਵੇਚਣ ’ਤੇ ਰਾਹ ਤੁਰੀਆਂ ਹੋਈਆਂ ਹਨ। ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ’ਚ ਚੋਣ ਜਲਸਿਆਂ ਨੂੰ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਆਪਣੀ ਪਾਰਟੀ ਹੈ ਅਤੇ ਇਸ ਨੂੰ ਪੰਜਾਬ ਦੇ ਹਿੱਤ ਪਿਆਰੇ ਹਨ। ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਕਿਹਾ ਕਿ ਬੰਗਾ ਹਲਕਾ ਵਿਧਾਨ ਸਭਾ ਚੋਣਾਂ ਵਾਂਗ ਇਨ੍ਹਾਂ ਲੋਕ ਸਭਾ ਚੋਣਾਂ ’ਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਹੱਕ ’ਚ ਮਜ਼ਬੂਤ ਉਦਾਹਰਣ ਬਣੇਗਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਸਤਨਾਮ ਸਿੰਘ ਲਾਦੀਆਂ, ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੋਹਣ ਲਾਲ ਢੰਡਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ ਆਦਿ ਸ਼ਾਮਲ ਸਨ।
ਟਕਸਾਲੀਆਂ ਨੂੰ ਮਿਲ ਕੇ ਖੁਸ਼ ਹੋਏ ਚੰਦੂਮਾਜਰਾ
ਪ੍ਰੋ. ਪ੍ਰੇਮ ਸਿੰਘ ਚੰਦੂਮਜਾਰਾ ਅੱਜ ਦਫ਼ਤਰ ਦੇ ਉਦਘਾਟਨ ਸਮੇਂ ਵਿਸ਼ੇਸ਼ ਤੌਰ ’ਤੇ ਪੁੱਜੇ ਪੁਰਾਣੇ ਵਰਕਰਾਂ ਨੂੰ ਮਿਲ ਕੇ ਖੁਸ਼ ਹੋਏ। ਉਨ੍ਹਾਂ ਪਾਰਟੀ ਦੇ ਟਕਸਾਲੀ ਵਰਕਰਾਂ ਨੂੰ ਜੱਫੀ ਪਾਉਂਦਿਆਂ ਕਿਹਾ ਕਿ ਪਾਰਟੀ ਅਤੇ ਵਰਕਰਾਂ ਦਾ ਰਿਸ਼ਤਾ ਖੂਨ ਦੇ ਰਿਸ਼ਤੇ ਤੋਂ ਵੀ ਵੱਧ ਕੇ ਹੁੰਦਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਸਫ਼ਰ ’ਚ ਪਾਰਟੀ ਵਰਕਰਾਂ ਦੀ ਮੋਹਰੀ ਭੂਮਿਕਾ ਰਹੀ ਹੈ। ਉਨ੍ਹਾਂ ਅੱਜ ਮਿਲੇ ਟਕਸਾਲੀ ਵਰਕਰਾਂ ਦੇ ਫੋਨ ਨੰਬਰ ਆਪ ਆਪਣੀ ਨਿੱਜੀ ਡਾਇਰੀ ’ਤੇ ਅੰਕਿਤ ਕੀਤੇ।