ਪੱਤਰ ਪ੍ਰੇਰਕ
ਪਠਾਨਕੋਟ, 14 ਅਪਰੈਲ
ਪਿੰਡ ਚਕਰਾਲ ਦੀ ਮੈਰਾ ਕਲੋਨੀ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ ਝੱਲਣੀ ਪੈ ਰਹੀ ਹੈ। ਲੋਕਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਸਮੱਸਿਆ ਹੱਲ ਕੀਤੀ ਜਾਵੇ। ਇਸ ਮੌਕੇ ਸਾਬਕਾ ਸਰਪੰਚ ਗੁਰਦਿਆਲ ਸਿੰਘ, ਅਜੀਤ ਸਿੰਘ, ਧਰਮ ਪਾਲ, ਕਾਂਤਾ ਦੇਵੀ, ਅਨੀਤਾ ਦੇਵੀ, ਪ੍ਰਵੀਨ ਕੁਮਾਰੀ, ਕਮਲੇਸ਼ ਕੁਮਾਰੀ, ਪੁਸ਼ਪਾ ਦੇਵੀ ਆਦਿ ਹਾਜ਼ਰ ਸਨ। ਜਦਕਿ ਸਾਬਕਾ ਵਿਧਾਇਕ ਜੋਗਿੰਦਰ ਪਾਲ ਵਿਸ਼ੇਸ਼ ਤੌਰ ’ਤੇ ਪੁੱਜੇ ਹੋਏ ਸਨ। ਲੋਕਾਂ ਨੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਜਾਣੂ ਕਰਵਾਇਆ ਕਿ ਉਨ੍ਹਾਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਆਉਣ ਲੱਗੀ ਹੈ। ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਪਿੰਡ ਵਿੱਚ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਲਈ ਉਨ੍ਹਾਂ ਆਪਣੇ ਕਾਰਜਕਾਲ ਵਿੱਚ 3 ਬੋਰ ਮਨਜ਼ੂਰ ਕਰਵਾਏ ਸਨ ਪਰ ਹੁਣ ਸਰਕਾਰ ਨਵੀਂ ਆ ਗਈ ਹੈ। ਇਸ ਲਈ ਇਸੇ ਹਲਕੇ ਦੇ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੀ ਇਸ ਮੁੱਢਲੀ ਸਮੱਸਿਆ ਨੂੰ ਹੱਲ ਕਰਨ। ਵਾਟਰ ਸਪਲਾਈ ਵਿਭਾਗ ਦੇ ਐੱਸਡੀਓ ਕੰਸ ਰਾਜ ਨੇ ਦੱਸਿਆ ਕਿ ਪਹਿਲਾਂ ਲਗਾਏ ਟੈਂਡਰ ਦੀ ਕੀਮਤ ਘੱਟ ਹੋਣ ਕਾਰਨ ਠੇਕੇਦਾਰ ਵੱਲੋਂ ਕੇਵਲ ਬੋਰ ਹੀ ਕਰਵਾਇਆ ਗਿਆ। ਹੁਣ ਨਵੇਂ ਸਿਰੇ ’ਤੇ ਟੈਂਡਰ ਕਰਵਾ ਕੇ ਰੁਕਿਆ ਹੋਇਆ ਕੰਮ ਮੁਕੰਮਲ ਕਰਵਾਇਆ ਜਾਵੇਗਾ।