ਪੱਤਰ ਪ੍ਰੇਰਕ
ਬਲਾਚੌਰ, 21 ਜੂਨ
ਇਥੋਂ ਦੇ ਲੋਕ ਜਿੱਥੇ ਸਰਕਾਰੀ ਨਿਯਮਾਂ ਨੂੰ ਟਿੱਚ ਜਾਣਦੇ ਹਨ , ਉੱਥੇ ਹੀ ਪੁਲੀਸ ਪ੍ਰਸ਼ਾਸਨ ਨੇ ਵੀ ਸ਼ਹਿਰ ਅੰਦਰ ਕਾਫ਼ੀ ਢਿੱਲ ਦਿੱਤੀ ਹੋਈ ਹੈ। ਭਾਵੇਂ ਕਿ ਜ਼ਿਲ੍ਹੇ ਵਿੱਚ ਕਰੋਨਾਵਾਇਰਸ ਨਾਲ ਪੀੜਤ ਮਰੀਜ਼ਾਂ ਦੇ ਠੀਕ ਹੋਣ ਕਾਰਨ ਖੁਸ਼ੀ ਹੈ, ਪਰ ਇਸ ਦੇ ਬਾਵਜੂਦ ਵੀ ਖ਼ਤਰਾ ਪੂਰੀ ਤਰ੍ਹਾਂ ਨਹੀਂ ਟਲਿਆ। ਇਥੇ ਦੋ ਰੋਜ਼ਾ ਲੌਕਡਾਊਨ ਦੌਰਾਨ ਮਨਿਆਰੀ ਦੀਆਂ ਦੁਕਾਨਾਂ ਦੇ ਅੱਧੇ ਸ਼ਟਰ ਚੁੱਕੇ ਹੋਏ ਦਿਖਾਈ ਦਿੱਤੇ ਤੇ ਸੂਤਰਾਂ ਮੁਤਾਬਿਕ ਇਹ ਵੀ ਸਾਹਮਣੇ ਆਇਆ ਹੈ ਕਿ ਕਈ ਦੁਕਾਨਦਾਰਾਂ ਵੱਲੋਂ ਲੋਕਾਂ ਦੀ ਰੱਜ ਕੇ ਲੁੱਟ ਕੀਤੀ ਜਾ ਰਹੀ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਪੁਲੀਸ ਥਾਣੇ ਦੇ ਨਾਲ ਲੱਗਦੀ ਮਨਿਆਰੀ ਦੀ ਦੁਕਾਨ ਦਾ ਵੀ ਅੱਧਾ ਸ਼ਟਰ ਸਵੇਰ ਸਮੇਂ ਖੁੱਲ੍ਹਾ ਹੁੰਦਾ ਹੈ, ਜਿਸ ’ਤੇ ਕਿਸੇ ਵੀ ਅਧਿਕਾਰੀ ਦੀ ਨਜ਼ਰ ਨਹੀਂ ਪੈਂਦੀ। ਉਧਰ ਇਨ੍ਹਾਂ ਦੁਕਾਨਦਾਰਾਂ ਤੋਂ ਸਾਮਾਨ ਲੈਣ ਵਾਲੇ ਲੋਕਾਂ ਨੇ ਆਖਿਆ ਹੈ ਕਿ ਮਨਿਆਰੀ ਦਾ ਸਾਮਾਨ ਆਮ ਨਾਲੋਂ ਵੱਧ ਕੀਮਤਾਂ ’ਤੇ ਵੇਚਿਆ ਜਾ ਰਿਹਾ ਹੈ।
ਲੌਕਡਾਊਨ ਦੀ ਉਲੰਘਣਾ ਦੇ ਦੋਸ਼ ਹੇਠ ਜੁਰਮਾਨਾ
ਆਦਮਪੁਰ ਦੋਆਬਾ (ਪੱਤਰ ਪ੍ਰੇਰਕ): ਇਥੋਂ ਦੀ ਪੁਲੀਸ ਨੇ ਅੱਡਾ ਕਠਾਰ ਵਿੱਚ ਲੌਕਡਾਉਨ ਦੌਰਾਨ ਦੁਕਾਨ ਖੋਲ੍ਹਣ ਦੇ ਦੋਸ਼ ਵਿੱਚ ਕਾਂਗਰਸੀ ਆਗੂ ਅਨਿਲ ਬਾਂਸਲ ਨੂੰ ਦੋ ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਵਧੀਕ ਥਾਣਾ ਮੁਖੀ ਜੀਐੱਸ ਨਾਗਰਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਉਲੰਘਣਾ ਦੇ ਦੋਸ਼ ਹੇਠ 40 ਵਿਅਕਤੀਆਂ ਨੂੰ 500-500 ਰੁਪਏ ਜੁਰਮਾਨਾ ਕੀਤਾ ਗਿਆ।