ਦੀਪਕ ਠਾਕੁਰ
ਤਲਵਾੜਾ, 10 ਮਈ
ਇੱਥੇ ਪਿੰਡ ਨਮੋਲੀ ਵਿੱਚ ਪੋਲਟਰੀ ਫਾਰਮ ਕਾਰਨ ਨੇੜਲੇ ਪਿੰਡਾਂ ’ਚ ਮੱਖੀਆਂ ਅਤੇ ਬਦਬੂ ਦੀ ਪੈਦਾ ਹੋਈ ਸੱਮਸਿਆ ਦਾ ਐੱਸਡੀਐੱਮ ਮੁਕੇਰੀਆਂ ਨੇ ਸਖ਼ਤ ਨੋਟਿਸ ਲਿਆ ਹੈ। ਐੱਸਡੀਐੱਮ ਕੰਵਲਜੀਤ ਸਿੰਘ ਨੇ ਪੋਲਟਰੀ ਫਾਰਮ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਪ੍ਰਭਾਵਿਤ ਪਿੰਡਾਂ ਦੇ ਵਸਨੀਕਾਂ ਨੇ ਐੱਸਡੀਐੱਮ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਫੈਸਲੇ ’ਤੇ ਪ੍ਰਤੀਕਿਰਿਆ ਦਿੰਦੇ ਹੋਇਆਂ ਪਿੰਡ ਸਥਵਾਂ, ਭਟੋਲੀ ਤੇ ਫਤਹਿਪੁਰ ਦੀ ਮਹਿਲਾ ਸਰਪੰਚ ਸੀਮਾ ਰਾਣੀ, ਸ਼ਸ਼ੀ ਬਾਲਾ ਅਤੇ ਸੀਮਾ ਰਾਣੀ ਨੇ ਕਿਹਾ ਕਿ ਪਿਛਲੇ ਲੰਮੇ ਅਰਸੇ ਤੋਂ ਨਮੋਲੀ ਸਮੇਤ ਭਟੋਲੀ, ਗਵਾਲਚੱਕ, ਸਥਵਾਂ, ਰੌਲ਼ੀ, ਕਰਾੜੀ, ਫਤਹਿਪੁਰ, ਨਮੋਲੀ ਹਾਰ, ਸ਼੍ਰੀ ਪੰਡਾਇਣ ਆਦਿ ਨੇੜਲੇ ਕਰੀਬ ਇੱਕ ਦਰਜਨ ਪਿੰਡ ਮੱਖੀਆਂ ਦੀ ਭਰਮਾਰ ਅਤੇ ਬਦਬੂ ਦੀ ਸਮਸਿਆ ਤੋਂ ਜੂਝ ਰਹੇ ਸਨ।