ਸੁਰਜੀਤ ਮਜਾਰੀ
ਬੰਗਾ, 2 ਮਾਰਚ
ਵਿਦੇਸ਼ ਮੰਤਰਾਲੇ ਅਤੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਜੰਗ ਪ੍ਰਭਾਵਿਤ ਯੂਕਰੇਨ ’ਚ ਫਸੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ 28 ਦੇ ਕਰੀਬ ਵਸਨੀਕਾਂ ਦੇ ਪਰਿਵਾਰਾਂ ਨੂੰ ਮਿਲ ਕੇ ਉਨ੍ਹਾਂ ਦੇ ਸਬੰਧੀਆਂ ਦੀ ਜਲਦੀ ਤੇ ਸੁਰੱਖਿਅਤ ਵਾਪਸੀ ਬਾਰੇ ਭਰੋਸਾ ਦਿੰਦਿਆਂ ਉੁਨ੍ਹਾਂ ਨੂੰ ਹੌਸਲਾ ਦਿੱਤਾ ਹੈ।
ਉਪ ਮੰਡਲ ਮਜਿਸਟ੍ਰੇਟ ਨਵਨੀਤ ਕੌਰ ਬੱਲ ਨੇ ਪਿੰਡ ਚੱਕ ਮਾਈ ਦਾਸ ਦੀ ਹਰਪ੍ਰੀਤ ਕੌਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਦੱਸਿਆ ਕਿ ਸਰਕਾਰ ਨੇ ਸਾਰੇ ਫਸੇ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਪਹਿਲਾਂ ਹੀ ਆਪਣੇ ਯਤਨ ਤੇਜ਼ ਕਰ ਦਿੱਤੇ ਹਨ। ਐੱਸਡੀਐੱਮ ਬੰਗਾ ਨੇ ਦੱਸਿਆ ਕਿ ਹਰਪ੍ਰੀਤ ਕੌਰ ਹੁਣ ਪੋਲੈਂਡ ਬਾਰਡਰ ’ਤੇ ਹੈ ਅਤੇ ਪਰਿਵਾਰ ਨਾਲ ਲਗਾਤਾਰ ਸੰਪਰਕ ਵਿੱਚ ਹੈ। ਉਨ੍ਹਾਂ ਕਿਹਾ ਕਿ ਹਰਪ੍ਰੀਤ ਦੇ ਵੇਰਵਿਆਂ ਸਮੇਤ ਜ਼ਿਲ੍ਹੇ ਦੇ ਹੋਰ ਫਸੇ ਹੋਏ ਨਾਗਰਿਕਾਂ ਦੀ ਸੂਚੀ ਵਿਦੇਸ਼ ਮੰਤਰਾਲੇ ਨੂੰ ਭੇਜੀ ਹੋਈ ਹੈ ਤੇ ਉਮੀਦ ਜ਼ਾਹਰ ਕੀਤੀ ਕਿ ਇਹ ਸਾਰੇ ਜਲਦੀ ਹੀ ਸੁਰੱਖਿਅਤ ਆਪਣੇ ਘਰ ਵਾਪਸ ਪਰਤ ਆਉਣਗੇ।
ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਜ਼ਿਲ੍ਹੇ ਦੇ ਸਾਰੇ 28 ਫਸੇ ਵਸਨੀਕਾਂ ਦੇ ਪਰਿਵਾਰਾਂ ਨਾਲ ਨਿੱਜੀ ਤੌਰ ’ਤੇ ਸੰਪਰਕ ਕਰ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਸਰਕਾਰ ਵੱਲੋਂ ਕੀਤੇ ਜਾ ਰਹੇ ਵਾਪਸੀ ਦੇ ਯਤਨਾ ਬਾਰੇ ਜਾਣੂ ਕਰਵਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਯੂਕਰੇਨ ਗਏ ਇਨ੍ਹਾਂ ਵਸਨੀਕਾਂ ਦੇ ਪਰਿਵਾਰਾਂ ਨਾਲ ਮਿਲਣ ਦਾ ਮੰਤਵ ਉਨ੍ਹਾਂ ਨਾਲ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਦੀ ਇਕੱਮੁਠਤਾ ਪ੍ਰਗਟਾਉਣਾ ਵੀ ਹੈ।