ਜਗਜੀਤ ਸਿੰਘ
ਮੁਕੇਰੀਆਂ, 7 ਮਈ
ਜਲੰਧਰ-ਪਠਾਨਕੋਟ ਕੌਮੀ ਮਾਰਗ ‘ਤੇ ਸਥਿਤ ਪਿੰਡ ਖਾਨਪੁਰ ਨੇੜਲੇ ਅਵਨੀਤ ਸਰਵਿਸ ਸਟੇਸ਼ਨ ਦੇ ਸਾਹਮਣੇ ਇੱਕ ਸਕੂਲੀ ਬੱਸ ਦੇ ਪਿੱਛੇ ਤੋਂ ਛੋਟੇ ਹਾਥੀ ਨਾਲ ਟਕਰਾ ਜਾਣ ਕਾਰਨ ਦੋ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਵੱਖ ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਮੌਕੇ ‘ਤੇ ਪੁੱਜੀ ਪੁਲੀਸ ਨੇ ਦੋਵੇਂ ਨੁਕਸਾਨੇ ਵਾਹਨ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਛੋਟਾ ਹਾਥੀ ਨੰਬਰ ਪੀ.ਬੀ.08 ਈ.ਕਿਊ. 3196 ਜਿਸ ਨੂੰ ਡਰਾਈਵਰ ਘਨਸ਼ਿਆਮ ਵਾਸੀ ਜਲੰਧਰ ਚਲਾ ਰਿਹਾ ਸੀ, ਗੁਰਦਾਸਪੁਰ ਤੋਂ ਵਿਆਹ (ਕੈਟਰਿੰਗ) ਦਾ ਸਮਾਨ ਲੈ ਕੇ ਵਾਪਿਸ ਜਲੰਧਰ ਨੂੰ ਜਾ ਰਿਹਾ ਸੀ। ਉਕਤ ਛੋਟੇ ਹਾਥੀ ਦੇ ਪਿੱਛੇ ਇੱਕ ਸਕੂਲੀ ਬੱਸ ਨੰਬਰ ਪੀ.ਬੀ 07 ਏ.ਐਲ 9102 ਜਿਸ ਵਿੱਚ ਕੈਟਰਿੰਗ ਦਾ ਕੰਮ ਕਰਨ ਵਾਲੀ ਲੇਬਰ ਬੈਠੀ ਸੀ, ਵਾਪਸ ਜਲੰਧਰ ਜਾ ਰਹੇ ਸਨ। ਜਦੋਂ ਇਹ ਅਵਨੀਤ ਸਰਵਿਸ ਸਟੇਸ਼ਨ ਕੋਲ ਪੁੱਜੇ ਤਾਂ ਬੱਸ ਬੇਕਾਬੂ ਹੋ ਕੇ ਅੱਗੇ ਜਾ ਰਹੇ ਛੋਟੇ ਹਾਥੀ ਦੇ ਪਿੱਛੇ ਜਾ ਟਕਰਾਈ, ਜਿਸ ਕਾਰਨ ਛੋਟਾ ਹਾਥੀ ਸੜਕ ‘ਤੇ ਹੀ ਪਲਟ ਗਿਆ। ਪਲਟਣ ਕਾਰਨ ਛੋਟਾ ਹਾਥੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਹਾਦਸੇ ਦੌਰਾਨ ਛੋਟੇ ਹਾਥੀ ਵਿੱਚ ਬੈਠਾ ਰਾਮ ਲਾਲ ਵਾਸੀ ਪਾਨੀਪਤ ਅਤੇ ਬੱਸ ਦੀ ਅਗਲੀ ਸੀਟ ‘ਤੇ ਬੈਠਾ ਇਕ ਹੋਰ ਵਿਅਕਤੀ ਵੀ ਗੰਭੀਰ ਜ਼ਖਮੀ ਹੋ ਗਿਆ। ਗੰਭੀਰ ਜ਼ਖਮੀ ਹਾਲਤ ਵਿੱਚ ਦੋਵਾਂ ਨੂੰ ਸਿਵਲ ਹਸਪਤਾਲ ਮੁਕੇਰੀਆਂ ਪੁਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਦੀ ਹਾਲਤ ਗੰਭੀਰ ਦੇਖਦਿਆਂ ਅੱਗੇ ਜਲੰਧਰ ਰੈਫਰ ਕਰ ਦਿੱਤਾ।