ਪਾਲ ਸਿੰਘ ਨੌਲੀ
ਜਲੰਧਰ, 16 ਦੰਸਬਰ
ਦੋਆਬੇ ਦੇ ਪੰਚਾਂ-ਸਰਪੰਚਾਂ ਨੂੰ ਸਰਕਾਰੀ ਦਫਤਰਾਂ ’ਚ ਬਣਦਾ ਮਾਣ-ਸਤਿਕਾਰ ਨਾ ਦੇਣ ਦਾ ਮਾਮਲਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਰਬਾਰ ਵਿੱਚ ਪਹੁੰਚ ਗਿਆ ਹੈ।
ਸਰਪੰਚ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਬਾਘਾ, ਜਿਹੜੇ ਕਿ ਬੋਲੀਨਾ ਦੋਆਬਾ ਪਿੰਡ ਦੇ ਸਰਪੰਚ ਹਨ, ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਹੋਈ ਮੁਲਾਕਾਤ ਦੌਰਾਨ ਉਠਾਈਆਂ ਮੰਗਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸਰਕਾਰੇ-ਦਰਬਾਰੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਉਹ ਮਾਣ-ਸਤਿਕਾਰ ਨਹੀਂ ਦਿੱਤਾ ਜਾਂਦਾ ਜਿਸ ਦੇ ਉਹ ਹੱਕਦਾਰ ਹਨ। ਉਨ੍ਹਾਂ ਦੱਸਿਆ ਕਿ ਨਿਸ਼ਕਾਮ ਸੇਵਾ ਕਰਨ ਵਾਲੇ ਇਹ ਪੰਚ-ਸਰਪੰਚ ਪਿੰਡਾਂ ਦੇ ਵਿਕਾਸ ਕੰਮਾਂ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਹਨ ਪਰ ਉਨ੍ਹਾਂ ਨੂੰ ਸਰਕਾਰੀ ਦਫਤਰਾਂ ਦੀ ਪਾਰਕਿੰਗ ਵਿੱਚ ਮੁਫ਼ਤ ਸਹੂਲਤ ਤੱਕ ਨਹੀਂ ਦਿੱਤੀ ਜਾਂਦੀ। ਸਰਪੰਚ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਤਿੰਨਾਂ ਸਾਲਾਂ ਤੋਂ ਪੰਜਾਬ ਸਰਕਾਰ ਨੇ ਮਾਣ ਭੱਤਾ ਜਾਰੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਪੰਚਾਂ ਨੂੰ ਸਿਰਫ ਇਕ ਸੌ ਰੁਪਏ ਮਹੀਨਾ ਭੱਤਾ ਮਿਲਦਾ ਹੈ ਤੇ ਸਾਲ ਦੇ ਮਿਲਦੇ 1200 ਰੁਪਏ ਵੀ ਸੂਬਾ ਸਰਕਾਰ ਨਹੀਂ ਦੇ ਰਹੀ ਜਦਕਿ ਸ਼ਹਿਰੀ ਇਲਾਕਿਆਂ ਦੇ ਕੌਂਸਲਰਾਂ ਨੂੰ 15 ਹਜ਼ਾਰ ਤੋਂ ਲੈ ਕੇ 17 ਹਜ਼ਾਰ ਤੱਕ ਮਾਣ ਭੱਤਾ ਮਿਲਦਾ ਹੈ।
ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧਿਆਨ ਵਿੱਚ ਲਿਆਂਦਾ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਪੰਚਾਂ-ਸਰਪੰਚਾਂ ਨੂੰ ਮਾਣ ਭੱਤਾ ਦਿੱਤਾ ਜਾਂਦਾ ਹੈ ਉਸ ਨੂੰ ਵਧਾਇਆ ਜਾਵੇ ਤੇ ਬਕਾਇਆ ਭੱਤਾ ਜਲਦੀ ਰਿਲੀਜ਼ ਕੀਤਾ ਜਾਵੇ। ਪਿੰਡ ਦੀ ਅਬਾਦੀ ਦੇ ਹਿਸਾਬ ਨਾਲ ਬਿਨਾਂ ਕਿਸੇ ਭਿੰਨ-ਭੇਦ ਤੋਂ ਗਰਾਂਟਾਂ ਦਿੱਤੀਆਂ ਜਾਣ। ਸਰਪੰਚ ਕੁਲਵਿੰਦਰ ਸਿੰਘ ਨੇ ਮੰਗ ਕੀਤੀ ਕਿ ਵਿਕਾਸ ਕਾਰਜਾਂ ਦੀ ਗਤੀ ਤੇਜ਼ ਕਰਨ ਲਈ ਸਰਪੰਚਾਂ ਨੂੰ ਇਕ ਲੱਖ ਤੱਕ ਦੀ ਰਕਮ ਕੱਢਵਾਉਣ ਦੇ ਅਧਿਕਾਰ ਦਿੱਤੇ ਜਾਣ ਜਿਹੜੇ ਕਿ ਪਹਿਲਾਂ 25 ਹਜ਼ਾਰ ਹਨ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਯੂਨੀਅਨ ਨੂੰ ਭਰੋਸਾ ਦਿੱਤਾ ਕਿ ਪੰਚਾਇਤਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਜਲਦ ਤੋਂ ਜਲਦ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਆਉਂਦੀ ਮੀਟਿੰਗ ਵਿੱਚ ਮਾਣ ਭੱਤਿਆਂ ਨੂੰ ਜਾਰੀ ਕਰਵਾਉਣ ਲਈ ਫੈਸਲਾ ਕੀਤਾ ਜਾਵੇਗਾ। ਇਸ ਵਫ਼ਦ ਵਿੱਚ ਸੁਖਵਿੰਦਰ ਸਿੰਘ ਕੋਟਲੀ, ਰਸ਼ਪਾਲ ਸਿੰਘ ਜੈਤੇਵਾਲੀ, ਹਰਮੇਸ਼ ਬਢਿਆਣਾ, ਸੱਤਪਾਲ ਬੱਧਣ ਪਤਾਰਾ ਅਤੇ ਹੋਰ ਪਿੰਡਾਂ ਦੇ ਸਰਪੰਚ ਸ਼ਾਮਲ ਸਨ।