ਜੇ.ਬੀ. ਸੇਖੋਂ
ਗੜ੍ਹਸ਼ੰਕਰ, 7 ਸਤੰਬਰ
ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਨਿਰਦੇਸ਼ਾਂ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਗੜ੍ਹਸ਼ੰਕਰ ਤਹਿਸੀਲ ਦੇ ਵੱਖ- ਵੱਖ ਪਿੰਡਾਂ ਵਿੱਚ ਪੰਚਾਇਤਾਂ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਦੇਖਦਿਆਂ ਰਾਤ ਸਮੇਂ ਠੀਕਰੀ ਪਹਿਰੇ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਅੱਜਕੱਲ੍ਹ ਪਿੰਡਾਂ ਵਿੱਚ ਮੁੜ ਕਾਲੇ ਕੱਛਿਆਂ ਵਾਲੇ ਲੁਟੇਰਾ ਗਰੋਹ ਦੇ ਸਰਗਰਮ ਹੋਣ ਦੀਆਂ ਅਫ਼ਵਾਹਾਂ ਫੈਲ ਰਹੀਆਂ ਹਨ ਜਿਸ ਕਰਕੇ ਪ੍ਰਸ਼ਾਸਨ ਵੱਲੋਂ ਪੰਚਾਇਤਾਂ ਨੂੰ ਪਿੰਡਾਂ ਦੀ ਸੁਰੱਖਿਆ ਲਈ ਆਪੋ-ਆਪਣੇ ਪੱਧਰ ’ਤੇ ਠੀਕਰੀ ਪਹਿਰੇ ਲਗਾਉਣ ਲਈ ਲਿਖਿਆ ਗਿਆ ਹੈ। ਦੱਸਣਾ ਬਣਦਾ ਹੈ ਕਿ ਇਲਾਕੇ ਵਿੱਚ ਨਿੱਤ ਹੁੰਦੀਆਂ ਚੋਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਨੱਥ ਪਾਉਣ ਵਿੱਚ ਪੁਲੀਸ ਤੇ ਪ੍ਰਸ਼ਾਸਨ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋ ਰਿਹਾ ਹੈ ਅਤੇ ਹੁਣ ਲੋਕਾਂ ਨੂੰ ਆਪਣੀ ਸੁਰੱਖਿਆ ਖ਼ੁਦ ਕਰਨ ਲਈ ਕਿਹਾ ਜਾ ਰਿਹਾ ਹੈ। ਪਿੰਡਾਂ ਦੇ ਲੋਕ ਖੇਤੀ ਅਤੇ ਹੋਰ ਕੰਮ ਧੰਦਿਆਂ ਤੋਂ ਥੱਕ ਹਾਰ ਕੇ ਪਿੰਡਾਂ ਵਿੱਚ ਵਾਰੋ-ਵਾਰੀ ਪਹਿਰੇ ਲਗਾਉਣ ਦੇ ਫੈਸਲੇ ਤੋਂ ਖੁਸ਼ ਨਹੀਂ ਹਨ।
ਪੰਚਾਇਤਾਂ ਵਲੋਂ ਇਸ ਸਬੰਧੀ ਮਤੇ ਪਾ ਕੇ ਹਰ ਘਰ ਤੋਂ ਇਕ ਵਿਅਕਤੀ ਦੀ ਮੰਗ ਕੀਤੀ ਜਾ ਰਹੀ ਹੈ ਜਾਂ ਵਿਅਕਤੀ ਦੀ ਅਣਹੋਂਦ ਵਿੱਚ ਪਹਿਰੇ ਲਗਾਉਣ ਲਈ ਸਬੰਧਤ ਘਰਾਂ ਤੋਂ ਪੈਸਿਆਂ ਦੀ ਵਸੂਲੀ ਕੀਤੀ ਜਾ ਰਹੀ ਹੈ। ਇਸ ਸਬੰਧੀ ਕਾਮਰੇਡ ਗੁਰਨੇਕ ਸਿੰਘ ਭੱਜਲ ਨੇ ਕਿਹਾ ਕਿ ਇਲਾਕੇ ਵਿੱਚ ਲੁੱਟ ਖੋਹ ਅਤੇ ਚੋਰੀ ਦੀਆਂ ਘਟਨਾਵਾਂ ਐਨੀਆਂ ਵਧ ਗਈਆਂ ਹਨ ਕਿ ਲੋਕਾਂ ਦਾ ਦਿਨ ਵੇਲੇ ਵਿਚਰਨਾ ਵੀ ਖਤਰੇ ਤੋਂ ਖਾਲੀ ਨਹਂ ਰਿਹਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਪੁਲੀਸ ਦੀ ਨਫ਼ਰੀ ਵਧਾਉਣ ਅਤੇ ਮੁਲਾਜ਼ਮਾਂ ਦੀ ਗਸ਼ਤ ਤੇਜ਼ ਕਰਨ ਵੱਲ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦਿਨ ਵੇਲੇ ਆਪਣੇ ਕੰੰਮਾਂ-ਕਾਰਾਂ ਤੋਂ ਥੱਕੇ ਲੋਕ ਰਾਤ ਨੂੰ ਆਪਣੀ ਸੁਰੱਖਿਆ ਖੁਦ ਕਰਨ ਵਾਸਤੇ ਪਹਿਰੇ ਦੇਣ ਲਈ ਮਜਬੂਰ ਹਨ ਜੋ ਗਲਤ ਹੈ।