ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 5 ਫਰਵਰੀ
ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾਈ ਪ੍ਰਧਾਨ ਭਗਵੰਤ ਮਾਨ ਨੇ ਪਾਰਟੀ ਦੇ ਬਲਾਚੌਰ ਹਲਕੇ ਤੋਂ ਉਮੀਦਵਾਰ ਬੀਬੀ ਸੰਤੋਸ਼ ਕਟਾਰੀਆ ਦੇ ਹੱਕ ਵਿੱਚ ਪ੍ਰਭਾਵਸ਼ਾਲੀ ਰੋਡ ਸ਼ੋਅ ਕੀਤਾ। ਚਾਰ ਘੰਟੇ ਪਛੜ ਕੇ ਸ਼ਾਮ ਸਾਢੇ 6 ਵਜੇ ਮਜਾਰੀ ਪਹੁੰਚੇ ਭਗਵੰਤ ਮਾਨ ਵਲੋਂ ਬਲਾਚੌਰ ਹਲਕੇ ਵਿੱਚ ਰੋਡ ਸ਼ੋਅ ਸ਼ੁਰੂ ਕੀਤਾ ਗਿਆ, ਜੋ ਕਿ ਚਣਕੋਆ, ਬਲਾਚੌਰ, ਭੱਦੀ ਅਤੇ ਰੱਤੇਵਾਲ ਤੋਂ ਹੁੰਦਾ ਹੋਇਆ ਕਾਠਗੜ੍ਹ ਵਿੱਚ ਦੇਰ ਸ਼ਾਮ ਸਮਾਪਤ ਹੋਇਆ। ਮੁੱਖ ਚੌਕ ਬਲਾਚੌਰ ਸ੍ਰੀ ਮਾਨ ਨੇ ਮਜ਼ਾਹੀਆ ਲਹਿਜੇ ਵਿੱਚ ਕਿਹਾ ਕਿ 20 ਨੂੰ ਸਾਰੀਆਂ ਰਵਾਇਤੀ ਪਾਰਟੀਆਂ ਦੇ ਹੈਲੀਕਾਪਟਰ ਹੇਠਾਂ ਉਤਾਰ ਦਿਓ, ਤਾਂ ਜੋ ਇਹ ਹਵਾ ਵਿੱਚ ਉਡਣ ਦੀ ਥਾਂ ਜ਼ਮੀਨ ’ਤੇ ਆ ਕੇ ਪੰਜਾਬ ਦੇ ਲੋਕਾਂ ਦੀ ਹਾਲਤ ਵੇਖ ਸਕਣ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਪੰਜਾਬ ਅਤੇ ਪੰਜਾਬੀਆਂ ਨੂੰ ਲੁੱਟ-ਪੁੱਟ ਕੇ ਕੰਗਾਲ ਕਰ ਦਿੱਤਾ ਹੈ। ਇਸ ਮੌਕੇ ਪਾਰਟੀ ਦੇ ਬਲਾਚੌਰ ਹਲਕੇ ਦੇ ਉਮੀਦਵਾਰ ਬੀਬੀ ਸੰਤੋਸ਼ ਕਟਾਰੀਆ, ਪ੍ਰੇਮ ਚੰਦ ਭੀਮਾ, ਸਤਨਾਮ ਸਿੰਘ ਜਲਾਲਪੁਰ ਅਤੇ ਚੇਦਰ ਮੋਹਨ ਜੇਡੀ ਨੇ ਵੀ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।
ਮਾਨ ਨੇ ਭੁੱਲਾਰਾਈ ਵਿੱਚ ਕੀਤੀ ਚੋਣ ਮੀਟਿੰਗ
ਫਗਵਾੜਾ (ਪੱਤਰ ਪ੍ਰੇਰਕ): ਸਥਾਨਕ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਪੰਜਾਬ ਨੇ ਆਪਣੀ ਚੋਣ ਮੁਹਿੰਮ ਨੂੰ ਅਗਾਂਹ ਤੋਰਦਿਆਂ ਅੱਜ ਪਿੰਡ ਭੁੱਲਾਰਾਈ ਵਿੱਚ ਚੋਣ ਮੀਟਿੰਗ ਕਰਦਿਆਂ ਵੋਟਰਾਂ ਨਾਲ ਰਾਬਤਾ ਕੀਤਾ। ਇਸ ਮੌਕੇ ਸ੍ਰੀ ਮਾਨ ਨੇ ਵੋਟਰਾਂ ਨੂੰ ਭਰੋਸਾ ਦਿੱਤਾ ਕਿ ਇਸ ਵਾਰ ਉਨ੍ਹਾਂ ਨੂੰ ਇਕ ਵਾਰ ਫਿਰ ਫਗਵਾੜਾ ਵਾਸੀਆਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ। ਸ੍ਰੀ ਮਾਨ ਨੇ ਕਿਹਾ ਕਿ ਬਤੌਰ ਵਿਧਾਇਕ ਉਨ੍ਹਾਂ ਦੀ ਪਹਿਲ ਫਗਵਾੜਾ ਨੂੰ ਜ਼ਿਲ੍ਹਾ ਬਣਾਉਣਾ ਰਹੇਗੀ ਅਤੇ ਸ਼ਹਿਰ ਨੂੰ ਮਾਡਲ ਸਿਟੀ ਬਣਾਉਣ ਲਈ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਮੰਗਾ ਭੁੱਲਾਰਾਈ, ਸੁਰਜੀਤ ਸਿੰਘ, ਇੰਦਰਜੀਤ, ਮੰਗੀ, ਪੰਮਾ, ਰੋਮੀ, ਤਰਸੇਮ ਲਾਲ ਹਾਜ਼ਰ ਸਨ।