ਪਾਲ ਸਿੰਘ ਨੌਲੀ
ਜਲੰਧਰ, 14 ਜੁਲਾਈ
ਸ਼ਹਿਰ ਵਿੱਚ ਇਕ ਵਿਅਕਤੀ ਬੱਚਿਆਂ ਦਾ ਨਕਲੀ ਬਾਪ ਬਣ ਕੇ ਉਨ੍ਹਾਂ ਕੋਲੋਂ ਭੀਖ ਮੰਗਵਾ ਰਿਹਾ ਸੀ। ਇਸ ਗੱਲ ਦਾ ਖੁਲਾਸਾ ਕਰਦਿਆਂ ਯੂਥ ਕਾਂਗਰਸ ਦੇ ਆਗੂ ਅੰਗਦ ਦੱਤਾ ਨੇ ਦੱਸਿਆ ਕਿ ਨਕਲੀ ਬਾਪ ਬਣ ਕੇ ਬੱਚਿਆਂ ਕੋਲੋਂ ਭੀਖ ਮੰਗਵਾਉਣ ਅਤੇ ਉਨ੍ਹਾਂ ਦੀ ਕੁੱਟਮਾਰ ਕਰਨ ਦਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਯੂਥ ਕਾਂਗਰਸ ਦੇ ਜਨਰਲ ਸਕੱਤਰ ਅੰਮ੍ਰਿਤਪਾਲ ਸਿੰਘ ਸੰਧੂ ਇੱਕ ਰਾਤ ਦੇਵੀ ਤਲਾਬ ਮੰਦਰ ਕੋਲੋਂ ਲੰਘ ਰਹੇ ਸਨ ਤਾਂ ਸੜਕ ਦੇ ਕਿਨਾਰੇ ਪਿਆ 11 ਸਾਲਾ ਬੱਚਾ ਰੋ ਰਿਹਾ ਸੀ। ਜਦੋਂ ਯੂਥ ਕਾਂਗਰਸ ਦੇ ਆਗੂ ਨੇ ਬੱਚੇ ਨੂੰ ਰੋਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਭੁੱਖ ਲੱਗੀ ਹੋਈ ਹੈ ਤੇ ਪੇਟ ਵਿੱਚ ਦਰਦ ਹੋ ਰਹੀ ਹੈ। ਅੰਮ੍ਰਿਤਪਾਲ ਸਿੰਘ ਉਸ ਨੂੰ ਆਪਣੇ ਘਰ ਲੈ ਗਿਆ ਤੇ ਬੱਚੇ ਨੇ ਆਪਣੀ ਦੁੱਖ ਭਰੀ ਹਾਲਤ ਦੱਸੀ ਤੇ ਹੋਰ ਬੱਚਿਆਂ ਤੋਂ ਭੀਖ ਮੰਗਵਾਉਣ ਬਾਰੇ ਵੀ ਖੁਲਾਸਾ ਕੀਤਾ।ਇਹ ਮਾਮਲਾ ਅੰਮ੍ਰਿਤਪਾਲ ਸਿੰਘ ਨੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਅੰਗਦ ਦੱਤਾ ਦੇ ਧਿਆਨ ਵਿੱਚ ਲਿਆਂਦਾ ਤਾਂ ਲੰਘੀ ਰਾਤ ਦੇਵੀ ਤਲਾਬ ਮੰਦਰ ਨੇੜੇ ਉਸ ਬੱਚੇ ਦਾ ਨਕਲੀ ਬਣਿਆ ਬਾਪ ਵੀ ਆ ਗਿਆ ਤੇ ਉਹ ਦਾਅਵਾ ਕਰਨ ਲੱਗਾ ਕਿ ਉਸ ਦਾ ਬੱਚਾ ਹੈ। ਉਥੇ ਲੋਕਾਂ ਨੇ ਕਿਹਾ ਕਿ ਇਹ ਬੱਚੇ ਇਸ ਦੇ ਨਹੀਂ ਹਨ ਸਗੋਂ ਉਨ੍ਹਾਂ ਕੋਲੋ ਜਬਰੀ ਭੀਖ ਮੰਗਵਾਉਂਦਾ ਹੈ। ਇਸੇ ਬਹਿਸਬਾਜ਼ੀ ਦੌਰਾਨ ਬੱਚਿਆਂ ਦਾ ਨਕਲੀ ਬਣਿਆ ਬਾਪ ਫ਼ਰਾਰ ਹੋ ਗਿਆ। ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅੰਗਦ ਦੱਤਾ ਨੇ ਦੱਸਿਆ ਕਿ ਉਨ੍ਹਾਂ ਨੇ ਤੁਰੰਤ ਡਿਪਟੀ ਕਮਿਸ਼ਨਰ ਦਫਤਰ ਨੂੰ ਇਸ ਦੀ ਜਾਣਕਾਰੀ ਦਿੱਤੀ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੀਗਲ ਅਫਸਰ ਨੇ ਮੌਕੇ ’ਤੇ ਆ ਕੇ ਬਿਆਨ ਦਰਜ ਕੀਤੇ। ਬੱਚੇ ਨੇ ਦੱਸਿਆ ਕਿ ਭੀਖ ਮੰਗਣ ਤੋਂ ਜਿਹੜੇ ਪੈਸੇ ਇਕੱਠੇ ਹੁੰਦੇ ਸਨ ਉਸ ਦੀ ਸਬੰਧਤ ਵਿਅਕਤੀ ਸ਼ਰਾਬ ਪੀ ਲੈਂਦਾ ਸੀ ਤੇ ਉਨ੍ਹਾਂ ਦੀ ਕੁੱਟਮਾਰ ਕਰਦਾ ਸੀ। ਬੱਚਿਆਂ ਨੂੰ ਚਾਈਲਡ ਵੈਲਫੇਅਰ ਕਮੇਟੀ ਕੋਲ ਭੇਜ ਦਿੱਤਾ ਹੈ।