ਸੁਰਿੰਦਰ ਸਿੰਘ ਗੁਰਾਇਆ
ਟਾਂਡਾ, 28 ਅਪਰੈਲ
ਇਥੋਂ ਦੇ ਰੇਲਵੇ ਸਟੇਸ਼ਨ ’ਤੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਦੇ ਨਿਰਦੇਸ਼ਾਂ ’ਤੇ ਜਥੇਬੰਦੀ ਦੀ ਟਾਂਡਾ ਇਕਾਈ ਨੇ ਸ਼ਹਿਰ ਵਾਸੀਆਂ ਨਾਲ ਮਿਲ ਕੇ ਪੈਸੰਜਰ ਤੇ ਹੋਰ ਯਾਤਰੀ ਰੇਲ ਗੱਡੀਆਂ ਇਥੇ ਨਾ ਰੋਕੇ ਜਾਣ ਦੇ ਵਿਰੋਧ ਵਿੱਚ ਕੇਂਦਰੀ ਰੇਲਵੇ ਮੰਤਰੀ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ। ਜਥੇਬੰਦੀ ਦੇ ਜ਼ੋਨ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਦੀ ਅਗਵਾਈ ਵਿੱਚ ਹੋਏ ਇਸ ਰੋਸ ਪ੍ਰਦਰਸ਼ਨ ਮੌਕੇ ਗੱਲਬਾਤ ਕਰਦਿਆਂ ਕੌਂਸਲਰ ਲਖਵਿੰਦਰ ਸਿੰਘ ਮੁਲਤਾਨੀ, ਦੇਸ ਰਾਜ ਡੋਗਰਾ ਅਤੇ ਹਰਵਿੰਦਰ ਪਾਲ ਸਿੰਘ ਸੋਨੂੰ ਜਹੂਰਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਰੇਲਵੇ ਸਟੇਸ਼ਨ ਟਾਂਡਾ ’ਤੇ ਪੈਸੰਜਰ ਅਤੇ ਹੋਰ ਯਾਤਰੀ ਰੇਲ ਗੱਡੀਆਂ ਨੂੰ ਰੋਕਣ ਲਈ ਰੇਲਵੇ ਅਧਿਕਾਰੀਆਂ ਨੂੰ ਇਕ ਮੰਗ ਪੱਤਰ ਦਿੱਤਾ ਗਿਆ ਸੀ ਜਿਸ ’ਤੇ ਰੇਲਵੇ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਮੰਗ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਪੱਕੇ ਤੌਰ ’ਤੇ ਰੇਲਵੇ ਟਰੈਕ ’ਤੇ ਮੋਰਚਾ ਲਾ ਕੇ ਸੰਘਰਸ਼ ਸੁਰੂ ਕਰ ਦੇਣਗੇ। ਇਸ ਮੌਕੇ ਵਿਕਾਸ ਮਰਵਾਹਾ, ਇੰਦਰਜੀਤ ਜਾਜਾ, ਕੁਲਦੀਪ ਸਿੰਘ ਸਿੱਧੂ, ਨਵਦੀਪ ਸੰਧਾਵਾਲੀਆ, ਬੇਅੰਤ ਕੌਰ ਤੇ ਰੁਪਿੰਦਰ ਕੌਰ ਖੱਖ ਵੀ ਮੌਜੂਦ ਸਨ।