ਕਰਤਾਰਪੁਰ (ਗੁਰਨੇਕ ਸਿੰਘ ਵਿਰਦੀ)
ਕਿਸਾਨ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਗਾਇਕਾਂ, ਗੀਤਕਾਰਾਂ ਅਤੇ ਰਾਗੀ ਢਾਡੀਆਂ ਨੇ ਇਕੱਠ ਕਰ ਕੇ ਸਮੇਂ ਦੀਆਂ ਸਰਕਾਰਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਗਾਇਕ ਦਲਵਿੰਦਰ ਦਿਆਲਪੁਰੀ ਨੇ ਕਿਹਾ ਕਿ ਖੇਤੀ ਪੱਖੋਂ ਖੁਸ਼ਹਾਲ ਪੰਜਾਬ ਨੇ ਸਮੁੱਚੇ ਭਾਰਤ ਨੂੰ ਅਨਾਜ ਮੁਹੱਈਆ ਕਰਵਾਇਆ ਹੈ। ਸੂਬੇ ਵਿੱਚ ਆਈ ਹਰੀ ਕ੍ਰਾਂਤੀ ਨੇ ਅਨਾਜ ਭੰਡਾਰ ਭਰ ਕੇ ਦੇਸ਼ ਵਿੱਚ ਵਾਧੂ ਅਨਾਜ ਦੀ ਪੈਦਾਵਾਰ ਨਾਲ ਕਿਸਾਨਾਂ ਦਾ ਮਾਣ ਵਧਾਇਆ ਹੈ। ਖੁਸ਼ਹਾਲ ਖੇਤੀ ਨੇ ਦੇਸ਼ ਅਤੇ ਸੂਬੇ ਦੀ ਅਰਥਵਿਵਸਥਾ ਨੂੰ ਉੱਪਰ ਚੁੱਕਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਕਿਸਾਨ ਵਿਰੋਧੀ ਬਿੱਲਾਂ ਨਾਲ ਖੇਤ ਮਜ਼ਦੂਰ, ਆੜ੍ਹਤੀਏ ਪੱਲੇਦਾਰਾਂ ਸਮੇਤ ਹੋਰ ਖੇਤੀ ਨਾਲ ਸਬੰਧਤ ਸਹਾਇਕ ਧੰਦਿਆਂ ਉਪਰ ਬਹੁਤ ਬੁਰੇ ਪ੍ਰਭਾਵ ਪੈਣਗੇ। ਇਸ ਮੌਕੇ ਇੰਟਰਨੈਸ਼ਨਲ ਢਾਡੀ ਅਤੇ ਗੀਤਕਾਰ ਜੌਹਲ ਬਿਧੀਪੁਰੀਆ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਜਸਬੀਰ ਸਿੰਘ ਲਿੱਟਾਂ, ਬਲਾਕ ਪ੍ਰਧਾਨ ਬਹਾਦਰ ਸਿੰਘ ਮੱਲ੍ਹੀਆਂ ਗਾਇਕ ਹਰਜੀਤ ਸਿੰਘ ਸਿਤਾਰਾ ਗੀਤਕਾਰ ਗੁਰਭੇਜ ਸ਼ਹੀਦਾਂ ਵਾਲਾ ਅਤੇ ਹੋਰ ਮੌਜੂਦ ਸਨ।