ਪੱਤਰ ਪ੍ਰੇਰਕ
ਫਿਲੌਰ, 20 ਅਕਤੂਬਰ
ਬਲਾਕ ਫਿਲੌਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਨਗਰ, ਅਸਾਹੂਰ, ਕਡਿਆਣਾ ਝੰਡੀਪੀਰ, ਕਤਪਾਲੋਂ ਦੇ ਸਰਕਾਰੀ ਸਕੂਲਾਂ ਦੇ ਬਿੱਲ ਦੀ ਅਦਾਇਗੀ ਨਾ ਹੋਣ ਕਾਰਨ ਬਿਜਲੀ ਦੇ ਕੁਨੈਕਸ਼ਨ ਕੱਟਣ ਵਿਰੁੱਧ ਸਹੀਦ ਭਗਤ ਸਿੰਘ ਨੌਜਵਾਨ ਸਭਾ ਕਤਪਾਲੋਂ, ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ, ਸਕੂਲ ਟੀਚਰਜ਼ ਯੂਨੀਅਨ, ਦਿਹਾਤੀ ਮਜ਼ਦੂਰ ਸਭਾ ਵੱਲੋਂ ਪਿੰਡ ਨਗਰ ’ਚ ਪੰਜਾਬ ਸਰਕਾਰ ਦੀ ਅਰਥੀ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੀ ਅਗਵਾਈ ਪ੍ਰਸ਼ੋਤਮ ਫਿਲੌਰ ਅਤੇ ਅਧਿਆਪਕ ਆਗੂ ਕਰਨੈਲ ਫਿਲੌਰ ਤੇ ਸੁਰਿੰਦਰ ਪੁਆਰੀ ਨੇ ਸਾਂਝੇ ਤੌਰ ’ਤੇ ਕੀਤੀ ਗਈ।
ਇਸ ਮੌਕੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਸਕੂਲਾਂ ਦੇ ਕੁਨੈਕਸ਼ਨ ਕੱਟਣ ਕਾਰਨ ਬੱਚੇ ਪਾਣੀ ਪੀਣ ਤੋਂ ਵੀ ਵਾਂਝੇ ਹਨ ਅਤੇ ਸਕੂਲਾਂ ਦਾ ਸਾਰਾ ਕੰਮ ਰੁਕਿਆ ਪਿਆ ਹੈ। ਉਨ੍ਹਾਂ ਕਿਹਾ ਕਿ ਬਦਲਾਅ ਦੇ ਨਾਂ ’ਤੇ ਵੋਟਾਂ ਲੈ ਕੇ ਭਗਵੰਤ ਮਾਨ ਸਰਕਾਰ ਗਰੀਬ ਲੋਕਾਂ ਦੇ ਸਕੂਲ ਬੰਦ ਕਰਨਾ ਚਾਹੁੰਦੀ ਹੈ, ਇਸ ਕਾਰਨ ਬਿੱਲ ਨਾ ਭਰਨ ਕਰਕੇ ਪ੍ਰਾਇਮਰੀ ਸਕੂਲਾਂ ਦੇ ਬਿਜਲੀ ਦੇ ਕੁਨੈਕਸ਼ਨ ਵੀ ਕੱਟੇ ਜਾ ਰਹੇ ਹਨ।
ਇਸ ਮੌਕੇ ਜ਼ਿਲ੍ਹਾ ਆਗੂ ਪ੍ਰਸ਼ੋਤਮ ਫਿਲੌਰ ਨੇ ਚਿਤਾਵਨੀ ਦਿੱਤੀ ਕਿ ਜੇ ਪ੍ਰਾਇਮਰੀ ਸਕੂਲਾਂ ਦੇ ਬਿਜਲੀ ਦੇ ਕੁਨੈਕਸ਼ਨ ਨਾ ਬਹਾਲ ਕੀਤੇ ਗਏ ਤਾਂ ਇਲਾਕੇ ਦੀਆਂ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਵੱਡਾ ਅੰਦੋਲਨ ਕੀਤਾ ਜਾਵੇਗਾ। ਇਸ ਰੋਸ ਪ੍ਰਦਰਸ਼ਨ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਜਰਨੈਲ ਫਿਲੌਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਗੁਰਦੀਪ ਗੋਗੀ ਅਤੇ ਮੱਖਣ ਫਿਲੌਰ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਮਾ. ਜਗਜੀਤ ਕਡਿਆਣਾ, ਮਾ. ਬਲਵੀਰ ਕੁਮਾਰ, ਅਵਤਾਰ ਰਾਮ, ਰਿਸ਼ੀ ਕੁਮਾਰ, ਹਰਪ੍ਰੀਤ ਕੌਰ, ਅਰਸ਼ਪਰੀਤ ਆਸ਼ੂ, ਯੂਨਿਟ ਪ੍ਰਧਾਨ ਜਿੰਦਰ ਕਤਪਾਲੋਂ, ਲਵਦੀਪ ਕਤਪਾਲੋਂ, ਕਰਨ ਕਤਪਾਲੋਂ, ਪ੍ਰੀਤ ਕਤਪਾਲੋਂ, ਹੈਪੀ ਜੱਖੂ, ਰਾਮ ਸਰੂਪ ਜੱਖੂ, ਹਰਜਿੰਦਰ ਲੱਬੀ, ਡਾ ਸੋਨੂੰ ਕਤਪਾਲੋਂ, ਸੁਖਜਿੰਦਰ ਕਡਿਆਣਾ, ਮੋਨੂੰ ਕਤਪਾਲੋਂ ਅਤੇ ਐਡਵੋਕੇਟ ਡਿੰਪੀ ਆਦਿ ਸਣੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਅਤੇ ਪਤਵੰਤੇ ਆਦਿ ਹਾਜ਼ਰ ਸਨ।