ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 20 ਅਗਸਤ
ਇਸਤਰੀ ਜਾਗ੍ਰਿਤੀ ਮੰਚ ਨੇ ਗੁਜਰਾਤ ਸਰਕਾਰ ਵੱਲੋਂ ਬਿਲਕੀਸ ਬਾਨੋ ਤੇ ਉਸ ਦੇ ਪਰਿਵਾਰ ਦੇ ਦੋਸ਼ੀਆਂ ਨੂੰ ਰਿਹਾਅ ਕਰਨ ਦੀ ਨਿੰਦਾ ਕਰਦਿਆਂ ਇਸ ਵਿਰੁੱਧ ਅੱਜ ਇੱਥੇ ਰੋਸ ਵਿਖਾਵਾ ਕੀਤਾ। ਮੰਚ ਦੀ ਆਗੂ ਜਸਵੀਰ ਕੌਰ ਜੱਸੀ ਨੇ ਕਿਹਾ ਕਿ ਭਾਜਪਾ ਦੀ ਗੁਜਰਾਤ ਸਰਕਾਰ ਨੇ 2002 ਦੇ ਗੋਧਰਾ ਕਾਂਡ ਮਗਰੋਂ ਹੋਏ ਕਤਲੇਆਮ ਵਿੱਚ ਬਿਲਕੀਸ ਬਾਨੋ ਕੇਸ ਵਿੱਚ ਬਲਾਤਕਾਰੀਆਂ ਤੇ ਕਾਤਲਾਂ ਨੂੰ ਆਜ਼ਾਦੀ ਦੀ 75ਵੀਂ ਵਰੇਗੰਢ ਮੌਕੇ ਰਿਹਾਅ ਕਰਕੇ ਆਜ਼ਾਦੀ ਦੇ ਨਾਮ ਨੂੰ ਕਲੰਕਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਮਹਿਸੂਸ ਹੁੰਦਾ ਹੈ ਕਿ ਪੀੜਤ ਲੋਕ ਤਾਂ ਅੱਜ ਵੀ ਗੁਲਾਮ ਹੀ ਹਨ। ਉਨ੍ਹਾਂ ਸਮੂਹ ਇਨਸਾਫ ਪਸੰਦ ਤੇ ਮਿਹਨਤੀ ਲੋਕਾਂ ਨੂੰ ਇਸ ਗੈਰ-ਇਖਲਾਕੀ ਰਿਹਾਈ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਹੈ।