ਜਸਵੀਰ ਸਿੰਘ ਚਾਨਾ
ਫਗਵਾੜਾ, 9 ਜੁਲਾਈ
ਲਘੂ ਉਦਯੋਗ ਭਾਰਤੀ ਵੱਲੋਂ ਅੱਜ ਬਿਜਲੀ ਦੇ ਕੱਟਾਂ ਦੇ ਮਾਮਲੇ ਨੂੰ ਲੈ ਕੇ ਦੋ ਘੰਟੇ ਸ਼ੂਗਰ ਮਿੱਲ ਚੌਕ ’ਚ ਜੀਟੀ ਰੋਡ ’ਤੇ ਧਰਨਾ ਦਿੱਤਾ ਗਿਆ। ਇਸ ਮੌਕੇ ਏਡੀਸੀ ਰਾਜੀਵ ਵਰਮਾ ਨੇ ਪੁੱਜ ਦੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਤੇ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਮੱਸਿਆ ਦੇ ਹੱਲ ਲਈ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ ਪਰ ਧਰਨਾਕਾਰੀ ਜ਼ਿਆਦਾ ਸੰਤੁਸ਼ਟ ਨਹੀਂ ਹੋਏ। ਉਨ੍ਹਾਂ ਕਿਹਾ ਕਿ ਉਹ ਕੱਲ੍ਹ ਤੋਂ ਸੰਘਰਸ਼ ਨੂੰ ਤੇਜ਼ ਕਰਨ ਲਈ ਨਵੀਂ ਯੋਜਨਾ ਉਲੀਕਣਗੇ। ਵਰਨਣਯੋਗ ਹੈ ਕਿ ਸਰਕਾਰ ਨੇ ਬਿਜਲੀ ਦੀ ਖ਼ਪਤ ਨੂੰ ਪੂਰਾ ਕਰਨ ਲਈ ਸਨਅਤਕਾਰਾਂ ’ਤੇ ਹਫ਼ਤੇ ’ਚ ਤਿੰਨ ਦਿਨ ਦਾ ਕੱਟ ਲੱਗਾ ਦਿੱਤਾ ਹੈ ਜਿਸ ਕਾਰਨ ਸਨਅਤਕਾਰਾਂ ਤੇ ਉਨ੍ਹਾਂ ਦੀ ਲੇਬਰ ਦਾ ਭਾਰੀ ਆਰਥਿਕ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਸਾਰੇ ਖ਼ਪਤਕਾਰ ਵਰਗਾਂ ’ਤੇ ਵੰਡਵਾ ਕੱਟ ਲਗਾਉਣ ਦੀ ਮੰਗ ਕੀਤੀ। ਧਰਨੇ ’ਚ ਅਸ਼ੋਕ ਸੇਠੀ, ਮੁਖਿੰਦਰ ਸਿੰਘ, ਅਨਿਲ ਸਿੰਗਲਾ, ਗੁਲਸ਼ਨ ਮਨਚੰਦਾ, ਸੁਦੇਸ਼ ਸ਼ਰਮਾ, ਓਮ ਉੱਪਲ, ਰਘਬੀਰ ਸਿੰਘ, ਜਤਿੰਦਰ ਸਿੰਘ ਕੁੰਦੀ, ਪਰਮਿੰਦਰ ਸਿੰਘ ਕੁੰਦੀ, ਅਸ਼ੋਕ ਗੁਪਤਾ, ਕੁਲਵੰਤ ਸਿੰਘ, ਦਿਨੇਸ਼ ਗੋਇਲ, ਨਰਿੰਦਰ ਕੌਰ, ਗੁਰਪਾਲ ਸਿੰਘ, ਪੰਕਜ ਗੌਤਮ, ਪੀਕੇ ਓਹਰੀ, ਸੁਬੋਦ ਸੋਬਤੀ ਸਮੇਤ, ਪਵਨ ਕਾਲੜਾ ਸ਼ਾਮਲ ਸਨ।
ਪਾਵਰਕੌਮ ਦੇ ਮੁੱਖ ਦਫ਼ਤਰ ਪਟਿਆਲਾ ਗਏ ਸਨਅਤਕਾਰ ਨਿਰਾਸ਼ ਪਰਤੇ
ਜਲੰਧਰ(ਪਾਲ ਸਿੰਘ ਨੌਲੀ): ਪਾਵਰ ਕੱਟਾਂ ਤੋਂ ਪੰਜਾਬ ਨੂੰ ਨਿਜ਼ਾਤ ਮਿਲਦੀ ਨਜ਼ਰ ਨਹੀਂ ਆ ਰਹੀ। ਪਿੰਡਾਂ ਤੇ ਸ਼ਹਿਰਾਂ ਵਿਚ ਲੱਗ ਰਹੇ ਲੰਬੇ-ਲੰਬੇ ਕੱਟਾਂ ਤੋਂ ਲੋਕ ਡਾਢੇ ਪ੍ਰੇਸ਼ਾਨ ਹਨ ਤੇ ਪਾਵਰਕੌਮ ਤੇ ਪੰਜਾਬ ਸਰਕਾਰ ਨੂੰ ਰੱਜ ਕੇ ਕੋਸ ਰਹੇ ਹਨ। ਜਾਣਕਾਰੀ ਅਨੁਸਾਰ ਸੂਬੇ ਵਿਚ 14,500 ਮੈਗਾਵਾਟ ਬਿਜਲੀ ਦੀ ਲੋੜ ਹੈ ਜਦਕਿ 12,810 ਮੈਗਾਵਾਟ ਬਿਜਲੀ ਮਿਲ ਰਹੀ ਹੈ। ਪਿੰਡਾਂ ਵਿਚ ਦੋ ਘੰਟੇ ਕੱਟ ਲੱਗ ਰਿਹਾ ਹੈ ਜਦਕਿ ਇੰਡਸਟਰੀ ਨੂੰ ਚਾਰ ਦਿਨਾਂ ਦਾ ਕੱਟ ਲਾਇਆ ਜਾ ਰਿਹਾ ਹੈ। ਉਧਰ ਨੌਰਦਰਨ ਚੈਂਬਰ ਆਫ ਸਮਾਲ ਐਂਡ ਮੀਡੀਅਮ ਇੰਡਸਟਰੀਜ਼ ਦਾ ਇਕ ਵਫਦ ਕਨਵੀਨਰ ਨਰਿੰਦਰ ਸੱਗੂ ਦੀ ਅਗਵਾਈ ਹੇਠ ਪਟਿਆਲੇ ਵਿਚ ਡਾਇਰਕੈਟਰ ਡਿਸਟ੍ਰੀਬਿਊਸ਼ਨ ਦਲਜੀਤ ਇੰਦਰਪਾਲ ਸਿੰਘ ਗਰੇਵਾਲ ਨੂੰ ਮਿਲਿਆ। ਵਫਦ ਨੇ ਦੱਸਿਆ ਕਿ ਇੰਡਸਟਰੀ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ ਤੇ ਪਾਵਰ ਕੱਟਾਂ ਨਾਲ ਜਿਹੜੇ ਗਾਹਕ ਪੰਜਾਬ ਤੋਂ ਨਿਰਾਸ਼ ਹੋ ਰਹੇ ਹਨ ਉਨ੍ਹਾਂ ਨੇ ਮੁੜ ਕੇ ਸੂਬੇ ਵੱਲ ਮੂੰਹ ਵੀ ਨਹੀਂ ਕਰਨਾ। ਮੌਸਮ ਵਿਭਾਗ ਅਨੁਸਾਰ 10 ਤੋਂ 12 ਜੁਲਾਈ ਦੇ ਵਿਚਕਾਰ ਮੌਨਸੂਨ ਆਉਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਜਲੰਧਰ ਸਮੇਤ ਪੰਜਾਬ ਦੇ ਕਈ ਹਿੱਸਿਆਂ ਵਿਚ 9 ਜੁਲਾਈ ਦੀ ਰਾਤ ਨੂੰ ਵੀ ਮੀਂਹ ਪੈਣ ਦੀ ਉਮੀਦ ਦੱਸੀ ਗਈ ਹੈ। ਅੱਜ ਇੰਡਸਟਰੀ ਦਾ ਜਿਹੜਾ ਵਫਦ ਪਟਿਆਲੇ ਪਾਵਰਕੌਮ ਦੇ ਅਧਿਕਾਰੀਆਂ ਨੂੰ ਮਿਲ ਕੇ ਆਇਆ ਹੈ ਉਨ੍ਹਾਂ ਦੱਸਿਆ ਕਿ ਇਹ ਭਰੋਸਾ ਦਿੱਤਾ ਗਿਆ ਹੈ ਕਿ 100 ਕਿਲੋਵਾਟ ਤੱਕ ਦੀ ਇੰਡਸਟਰੀ ਸ਼ਨਿਚਰਵਾਰ ਜਾਂ ਐਤਵਾਰ ਨੂੰ ਚੱਲ ਪਵੇਗੀ ਤੇ 500 ਕਿਲੋਵਾਟ ਦਾ ਲੋਡ ਵਰਤਣ ਵਾਲੀ ਸਨਅਤ ਨੂੰ ਚਲਾਉਣ ਲਈ ਸੋਮਵਾਰ ਨੂੰ ਫੈਸਲਾ ਲਿਆ ਜਾਵੇਗਾ। ਇਸ ਵਫਦ ਦੇ ਮੁਖੀ ਨਰਿੰਦਰ ਸੱਗੂ ਨੇ ਦੱਸਿਆ ਕਿ ਤਲਵੰਡੀ ਸਾਬੋ ਦਾ ਤੀਜਾ ਯੂਨਿਟ ਵੀ ਬੰਦ ਹੋਣ ਕਾਰਨ ਉਨ੍ਹਾਂ ਨੂੰ ਉਮੀਦ ਘਟ ਗਈ ਹੈ ਕਿ ਪਾਵਰਕੌਮ ਆਪਣਾ ਵਾਅਦਾ ਪੂਰਾ ਵੀ ਕਰ ਸਕੇਗਾ ਜਾਂ ਨਹੀਂ। ਇਹ ਮੀਟਿੰਗ ਜਲੰਧਰ ਦੇ ਦੋ ਵਿਧਾਇਕਾਂ ਰਜਿੰਦਰ ਬੇਰੀ ਤੇ ਬਾਵਾ ਹੈਨਰੀ ਦੀ ਸਿਫਾਰਸ਼ ’ਤੇ ਪਟਿਆਲੇ ਵਿਚ ਤੈਅ ਕੀਤੀ ਗਈ ਸੀ ਪਰ ਇਸ ਦਾ ਕੋਈ ਹਾਂ ਪੱਖੀ ਸਿੱਟਾ ਨਹੀਂ ਨਿਕਲਿਆ।