ਪੱਤਰ ਪ੍ਰੇਰਕ
ਫਿਲੌਰ, 4 ਅਪਰੈਲ
ਸਥਾਨਕ ਮੁਹੱਲਾ ਸੰਤੋਖਪੁਰਾ ਤੇ ਪੰਜਢੇਰਾ (ਖੱਡ ਮੁਹੱਲਾ) ਦੇ ਸੈਂਕੜੇ ਨਿਵਾਸੀਆਂ ਨੇ ਅੱਜ ਐੱਸਡੀਐੱਮ ਦਫ਼ਤਰ ਅੱਗੇ ਧਰਨਾ ਲਗਾਉਣ ਉਪਰੰਤ ਮੰਗ ਪੱਤਰ ਦਿੱਤਾ। ਲੰਘੇ ਦਿਨੀਂ ਰੇਲਵੇ ਵਿਭਾਗ ਵੱਲੋਂ ਮਕਾਨ ਖਾਲੀ ਕਰਨ ਦੇ ਨੋਟਿਸ ਦਿੱਤੇ ਗਏ ਸਨ ਅਤੇ ਮਕਾਨ ਨਾ ਖਾਲੀ ਕਰਨ ਦੀ ਸੂਰਤ ਵਿੱਚ ਮਕਾਨ ਜ਼ਬਰਦਸਤੀ ਢਾਹੁਣ ਬਾਰੇ ਕਿਹਾ ਗਿਆ ਸੀ। ਵਰਨਣਯੋਗ ਹੈ ਕਿ ਪੀੜਤ ਲੋਕ 35-40 ਸਾਲ ਤੋਂ ਇਸ ਸਥਾਨ ’ਤੇ ਪੱਕੇ ਮਕਾਨ ਬਣਾ ਕੇ ਰਹਿ ਰਹੇ ਹਨ। ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਮੰਗ ਕੀਤੀ ਕਿ ਰੇਲਵੇ ਵਿਭਾਗ ਵਲੋਂ ਮਕਾਨ ਖਾਲੀ ਕਰਨ ਤੇ ਢਾਹੁਣ ਦੇ ਸਾਰੇ ਨੋਟਿਸ ਵਾਪਿਸ ਕਰਵਾ ਕੇ ਲੋਕਾਂ ਦਾ ਉਜਾੜਾ ਰੋਕਿਆ ਜਾਵੇ। ਇਸ ਮੌਕੇ ਆਗੂਆਂ ਨੇ ਐੱਸਡੀਐੱਮ ਫਿਲੌਰ ਅਮਰਿੰਦਰ ਸਿੰਘ ਮੱਲ੍ਹੀ ਨੂੰ ਮੰਗ ਪੱਤਰ ਦਿੱਤਾ।ਇਸ ਮੌਕੇ ਕਾਮਰੇਡ ਕੁਲਦੀਪ ਫਿਲੌਰ, ਕਾਮਰੇਡ ਜਰਨੈਲ ਫਿਲੌਰ, ਐਡਵੋਕੇਟ ਅਜੇ ਫਿਲੌਰ, ਮੱਖਣ ਸੰਗਰਾਮੀ, ਪਰਮਜੀਤ ਰੰਧਾਵਾ, ਬਲਦੇਵ ਰਾਜ, ਪ੍ਰਵੀਨ ਕੁਮਾਰ, ਗੁਰਨਾਮ ਸਿੰਘ ਆਦਿ ਨੇ ਸੰਬੋਧਨ ਕੀਤਾ।