ਜਗਜੀਤ ਸਿੰਘ
ਮੁਕੇਰੀਆਂ, 30 ਅਗਸਤ
ਗੜ੍ਹਦੀਵਾਲਾ ਦੇ ਨੇੜਲੇ ਪਿੰਡ ਫਤਿਹਪੁਰ ਕੋਲ ਅੱਜ ਸਵੇਰੇ ਪ੍ਰਾਈਵੇਟ ਸਕੂਲ ਦੀ ਬੱਸ ਪਲਟ ਗਈ ਪਰ ਬੱਸ ਵਿੱਚ ਬੈਠੇ 30 ਬੱਚਿਆਂ ਦਾ ਬਚਾਅ ਹੋ ਗਿਆ। ਬੱਸ ਸਵਾਰ ਦੋ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲੀਸ ਨੇ ਬੱਸ ਕਬਜ਼ੇ ਵਿੱਚ ਲੈ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਜਾਣਕਾਰੀ ਅਨੁਸਾਰ ਹਾਰਵਰਡ ਇੰਟਰਨੈਸ਼ਨਲ ਸਕੂਲ ਭਟੋਲੀਆਂ ਬ੍ਰਾਹਮਣਾਂ ਦੀ ਬੱਸ ਰਜਨੀਸ਼ ਨਾਂ ਦਾ ਡਰਾਈਵਰ, ਪਿੰਡ ਨਰੂੜ, ਖੰਗਵਾੜੀ, ਧੁੱਸੀ ਬੰਨ੍ਹ ਆਦਿ ਪਿੰਡਾਂ ਤੋਂ ਭਟੋਲੀਆਂ ਬ੍ਰਾਹਮਣਾਂ ਸਕੂਲ ਲੈ ਕੇ ਆ ਰਿਹਾ ਸੀ, ਬੱਸ ਵਿੱਚ 30 ਦੇ ਕਰੀਬ ਬੱਚੇ ਸਵਾਰ ਸਨ। ਇਹ ਬੱਸ ਜਦੋਂ ਪਿੰਡ ਭੰਬੋਵਾਲ ਤੋਂ ਫਤਿਹਪੁਰ ਲਿੰਕ ਰੋਡ ’ਤੇ ਪੁੱਜੀ ਤਾਂ ਝਿੜਾਂ ਬਾਬਾ ਬੰਦਗੀ ਨਾਥ ਮੋੜ ’ਤੇ ਬੱਸ ਅਚਾਨਕ ਖੇਤਾਂ ਵਿੱਚ ਪਲਟ ਗਈ। ਬੱਸ ਪਲਟਣ ਕਾਰਨ ਬੱਸ ’ਚ ਸਵਾਰ ਬੱਚਿਆਂ ਵਿੱਚੋਂ 2 ਬੱਚਿਆਂ ਦੇ ਮਾਮੂਲੀ ਸੱਟਾਂ ਲੱਗੀਆਂ, ਬਾਕੀ ਵਾਲ-ਵਾਲ ਬੱਚ ਗਏ। ਨੇੜਲੇ ਲੋਕਾਂ ਵੱਲੋਂ ਬੱਸ ਵਿੱਚ ਸਵਾਰ ਬੱਚਿਆਂ ਨੂੰ ਪਿਛਲੀ ਬਾਰੀ ਖੋਲ੍ਹ ਕੇ ਬਾਹਰ ਕੱਢਿਆ ਗਿਆ।
ਇਸ ਮੌਕੇ ਗੜ੍ਹਦੀਵਾਲਾ ਥਾਣਾ ਮੁਖੀ ਇੰਸਪੈਕਟਰ ਸਤਵਿੰਦਰ ਸਿੰਘ ਧਾਲੀਵਾਲ ਨੇ ਪੁਲੀਸ ਫੋਰਸ ਸਮੇਤ ਮੌਕੇ ’ਤੇ ਪੁੱਜ ਕੇ ਬੱਸ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।