ਨਿੱਜੀ ਪੱਤਰ ਪ੍ਰੇਰਕ
ਜਲੰਧਰ, 11 ਜਨਵਰੀ
ਚੋਣਾਂ ਦੇ ਐਲਾਨ ਨੂੰ ਚਾਰ ਦਿਨ ਬੀਤ ਜਾਣ ’ਤੇ ਵੀ ਸ਼ਹਿਰ ਵਿਚ ਰਾਜਨੀਤਕ ਪਾਰਟੀਆਂ ਦੇ ਹੋਰਡਿੰਗ ਚੋਣ ਜ਼ਾਬਤੇ ਦਾ ਮੂੰਹ ਚਿੜਾ ਰਹੇ ਹਨ। ਵੱਖ-ਵੱਖ ਆਗੂਆਂ ਦੇ ਵੱਡੇ-ਵੱਡੇ ਹੋਰਡਿੰਗ ਬੋਰਡ, ਪੋਸਟਰ ਤੇ ਝੰਡੇ ਲੱਗੇ ਹੋਏ ਹਨ। ਸ਼ਹਿਰ ਦੇ ਵੱਖ-ਵੱਖ ਥਾਵਾਂ ਦਾ ਦੌਰਾ ਕਰਨ ’ਤੇ ਪਤਾ ਲੱਗਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਵੱਡੇ-ਵੱਡੇ ਹੋਰਡਿੰਗ ਤੇ ਬੈਨਰ ਅਜੇ ਵੀ ਬੱਸ ਸਟੈਂਡ, ਅਰਬਨ ਅਸਟੇਟ ਫੇਸ-2 ਅਤੇ 66 ਫੁੱਟੀ ਰੋਡ ’ਤੇ ਲੱਗੇ ਹੋਏ ਹਨ। ਇਸੇ ਤਰ੍ਹਾਂ ਸ਼ਹੀਦ ਊਧਮ ਸਿੰਘ ਨਗਰ, ਮਾਡਲ ਟਾਊਨ ਅਤੇ ਨੈਸ਼ਨਲ ਹਾਈਵੇਅ ’ਤੇ ਵੀ ਰਾਜਨੀਤਕ ਪਾਰਟੀਆਂ ਦੇ ਬੋਰਡ ਲੱਗੇ ਨਜ਼ਰ ਆਉਂਦੇ ਹਨ।
ਸਰਕਾਰੀ ਤੇ ਪ੍ਰਾਈਵੇਟ ਬੱਸਾਂ, ਆਟੋ ਰਿਕਸ਼ਿਆਂ ਅਤੇ ਸੜਕ ਕਿਨਾਰੇ ਲੱਗੇ ਖੰਭਿਆਂ ’ਤੇ ਸਿਆਸੀ ਪਾਰਟੀਆਂ ਨੇ ਆਪਣੇ ਪੋਸਟਰ ਚਿਪਕਾਏ ਹੋਏ ਹਨ। ਆਮ ਆਦਮੀ ਪਾਰਟੀ ਦੇ ਵੀ 120 ਫੁੱਟੀ ਰੋਡ, ਪੀਪੀਆਰ, ਰਾਮਾਮੰਡੀ ਤੇ ਹੋਰ ਥਾਵਾਂ ’ਤੇ ਹੋਰਡਿੰਗ ਲੱਗੇ ਹੋਏ ਹਨ। ਪਠਾਨਕੋਟ ਬਾਈਪਾਸ, ਕਪੂਰਥਲਾ ਚੌਕ, ਜੋਤੀ ਚੌਕ ਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਅਜੇ ਪ੍ਰਸ਼ਾਸਨ ਦੀ ਨਜ਼ਰ ਨਹੀਂ ਗਈ। ਉਧਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਆਸੀ ਪਾਰਟੀਆਂ ਦੇ 12,490 ਤੋਂ ਵੱਧ ਪੋਸਟਰਾਂ, ਬੈਨਰਾਂ, ਹੋਰਡਿੰਗਾਂ ਨੂੰ ਜਨਤਕ ਅਤੇ ਪ੍ਰਾਈਵੇਟ ਪ੍ਰਾਪਰਟੀਆਂ ਤੋਂ ਹਟਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਵੱਖ-ਵੱਖ ਕਾਰਜਕਾਰੀ ਏਜੰਸੀਆਂ ਵੱਲੋਂ ਸ਼ੁਰੂ ਕੀਤੇ ਅਤੇ ਸ਼ੁਰੂ ਨਾ ਕੀਤੇ ਕੰਮਾਂ ਦੀ ਸੂਚੀ ਵੀ ਤਿਆਰ ਕੀਤੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਕੋਈ ਨਵਾਂ ਕੰਮ ਸ਼ੁਰੂ ਨਾ ਹੋਵੇ।
ਫਤਹਿ ਕਿੱਟਾਂ ਤੋਂ ਕੈਪਟਨ ਨੂੰ ‘ਲਾਹੁਣਾ ਔਖਾ’
ਸਿਹਤ ਵਿਭਾਗ ਨੇ ‘ਕਰੋਨਾ ਫਤਿਹ ਕਿੱਟਾਂ’ ’ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋਆਂ ਨੂੰ ਚਿੱਟੇ ਪੇਪਰਾਂ ਨਾਲ ਢਕਣਾ ਸ਼ੁਰੂ ਕਰ ਦਿੱਤਾ ਹੈ। ਡਿਊਟੀ ’ਤੇ ਲੱਗੇ ਸਿਹਤ ਅਮਲੇ ਨੇ ਕਿਹਾ ਕਿ ਕਿੱਟ ਵਾਲੇ ਡੱਬੇ ’ਤੇ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਛਪੀ ਹੋਈ ਹੋਣ ਕਰਕੇ ਇਸ ਨੂੰ ਉਤਾਰਨਾ ਕੋਈ ਸੌਖਾ ਕੰਮ ਨਹੀਂ। ਇਸ ਲਈ ਉਸ ਨੂੰ ਚਿੱਟੇ ਕਾਗਜ਼ ਨਾਲ ਢਕਣ ਲਈ ਕਿਹਾ ਗਿਆ ਹੈ। ਸਿਵਲ ਸਰਜਨ ਡਾ. ਰਣਜੀਤ ਘੋਤੜਾ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਫਤਿਹ ਕਿੱਟਾਂ ਦਾ ਚੰਗਾ ਸਟਾਕ ਹੈ ਅਤੇ ਹੁਣ ਜਦੋਂ ਕੇਸ ਵਧ ਰਹੇ ਹਨ ਤਾਂ ਉਨ੍ਹਾਂ ਨੇ ਇਨ੍ਹਾਂ ਨੂੰ ਕੋਵਿਡ ਦੇ ਮਰੀਜ਼ਾਂ ਨੂੰ ਵੰਡਣਾ ਸ਼ੁਰੂ ਕਰ ਦਿੱਤਾ ਹੈ।