ਪਾਲ ਸਿੰਘ ਨੌਲੀ
ਜਲੰਧਰ, 19 ਜੂਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਥੇ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਆਪਣੀ ਆਖਰੀ ਚੋਣ ਦੱਸ ਕੇ ਪ੍ਰਚਾਰ ਕੀਤਾ ਸੀ ਉਥੇ ਹੁਣ 2022 ਦੀਆਂ ਚੋਣਾਂ ਲਈ ‘ਸਾਡਾ ਸਾਂਝਾ ਨਾਅਰਾ-ਕੈਪਟਨ ਦੁਬਾਰਾ’ ਦੀ ਮੁਹਿੰਮ ਚਲਾਈ ਜਾ ਰਹੀ ਹੈ। ਹਰ ਵਿਧਾਨ ਸਭਾ ਹਲਕੇ ਵਿਚ ਟਿਕਟਾਂ ਦੇ ਦਾਅਵੇਦਾਰਾਂ ਨੇ ਅਜਿਹੇ ਬੋਰਡ ਥਾਂ-ਥਾਂ ’ਤੇ ਲਾਏ ਹੋਏ ਹਨ। ਸਭ ਤੋਂ ਵੱਧ ਬੋਰਡ ਜਲੰਧਰ ਛਾਉਣੀ ਵਿਧਾਨ ਸਭਾ ਹਲਕੇ ਵਿਚ ਲੱਗੇ ਹੋਏ ਹਨ ਜਿਥੋਂ ਸਾਬਕਾ ਓਲੰਪੀਅਨ ਤੇ ਵਿਧਾਇਕ ਪਰਗਟ ਸਿੰਘ ਹਲਕੇ ਦੀ ਪ੍ਰਤੀਨਿਧਤਾ ਕਰ ਰਹੇ ਹਨ। ਛਾਉਣੀ ਹਲਕੇ ਵਿਚ ਬੋਰਡ ਲਾਉਣ ਦੀ ਸ਼ੁਰੂਆਤ ਰਾਣਾ ਰੰਧਾਵਾ ਨੇ ਕੀਤੀ ਸੀ, ਜੋ ਕਿ ਕਰਤਾਰਪੁਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਹਨ। ਉਨ੍ਹਾਂ ਨੇ ਜਲੰਧਰ ਛਾਉਣੀ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿਚ ਸਭ ਤੋਂ ਵੱਧ ਬੋਰਡ ਲਾਏ ਹਨ। ਇਸੇ ਤਰ੍ਹਾਂ ਰਾਣਾ ਰੰਧਾਵਾ ਦੀ ਪੈੜ ਨੱਪਦਿਆਂ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਨੇ ਵੱਡੇ-ਵੱਡੇ ਹੋਰਡਿੰਗ ਲਾ ਦਿੱਤੇ ਹਨ। ਹੋਰਡਿੰਗ ਬੋਰਡ ਲਾਉਣ ਵਾਲੇ ਆਗੂ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਵੱਲੋਂ ਕੀਤੇ ਗਏ ਕੈਪਟਨ ਪੱਖੀ ਪ੍ਰਚਾਰ ਦਾ ਉਨ੍ਹਾਂ ਨੂੰ ਭਵਿੱਖ ਵਿਚ ਲਾਭ ਮਿਲ ਸਕਦਾ ਹੈ।