ਗੁਰਦੇਵ ਸਿੰਘ ਗਹੂੰਣ
ਬਲਾਚੌਰ, 17 ਅਗਸਤ
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੀਆਂ ਮੰਡੀਆਂ ਅਤੇ ਲਿੰਕ ਸੜਕਾਂ ਦੇ ਸੁਧਾਰ ਲਈ ਵਿਆਪਕ ਯੋਜਨਾ ਤਿਆਰ ਕੀਤੀ ਗਈ ਹੈ, ਜਿਸ ਤਹਿਤ 1760 ਕਰੋੜ ਰੁਪਏ ਦਾ ਬਜਟ ਸੂਬੇ ਦੀਆਂ ਮੰਡੀਆਂ ਦੇ ਸ਼ੈੱਡਾਂ ਅਤੇ ਲਿੰਕ ਸੜਕਾਂ ਦੇ ਸੁਧਾਰ ’ਤੇ ਖਰਚਿਆ ਜਾਵੇਗਾ। ਇਸ ਮੌਕੇ ਉਨ੍ਹਾਂ ਪਿੰਡ ਚਾਂਦਪੁਰ ਰੁੜਕੀ ਵਿੱਚ ਬਾਬਾ ਗੁਰਦਿੱਤਾ ਜੀ ਦੇ ਜੋੜ ਮੇਲੇ ’ਤੇ ਸ਼ਿਰਕਤ ਕੀਤੀ।
ਧਾਲੀਵਾਲ ਨੇ ਵਿਧਾਇਕ ਸੰਤੋਸ਼ ਕਟਾਰੀਆ ਵੱਲੋਂ ਚਾਂਦਪੁਰ ਰੁੜਕੀ ਦੇ ਵਿਕਾਸ ਲਈ ਰੱਖੀਆਂ ਮੰਗਾਂ ਨੂੰ ਮੌਕੇ ’ਤੇ ਹੀ ਮੰਨਣ ਦਾ ਐਲਾਨ ਕਰਦਿਆਂ ਕਿਹਾ ਕਿ ਪਿੰਡ ਵਿੱਚ ਪੰਚਾਇਤ ਘਰ, ਸਟੇਡੀਅਮ ਅਤੇ 10 ਲੱਖ ਰੁਪਏ ਦੀ ਲਾਗਤ ਨਾਲ ਪੇਂਡੂ ਸੱਥ ਬਣਾਈ ਜਾਵੇਗੀ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਪੰਚਾਇਤਾਂ ਦੇ ਕੰਮਾਂ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਇਮਾਨਦਾਰੀ ਨਾਲ ਨੇਪਰੇ ਚਾੜ੍ਹਨ ਲਈ ਉਨ੍ਹਾਂ ਵਿਭਾਗੀ ਅਧਿਕਾਰੀਆਂ ਨੂੰ ਪਹਿਲਾਂ ਹੀ ਨਿਰਦੇਸ਼ ਦਿੱਤੇ ਹੋਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਪਸ਼ੂਆਂ ’ਚ ਫੈਲੀ ਲੰਪੀ ਸਕਿਨ ਰੋਗ ਦੀ ਰੋਕਥਾਮ ਅਤੇ ਪਸ਼ੂਆਂ ਦੇ ਬਚਾਅ ਲਈ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਨੂੰ ਲਾਇਆ ਹੋਇਆ ਹੈ ਅਤੇ ਇਸ ਵਾਸਤੇ ਲੋੜੀਂਦੀਆਂ ਦਵਾਈਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਇਸ ਮੌਕੇ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਸ਼ਿਵ ਕਰਨ ਚੇਚੀ, ਅਸ਼ੋਕ ਕਟਾਰੀਆ ਅਤੇ ਸਤਨਾਮ ਸਿੰਘ ਜਲਾਲਪੁਰ ਵੀ ਮੌਜੂਦ ਸਨ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਧਾਲੀਵਾਲ ਅਤੇ ਵਿਧਾਇਕ ਸੰਤੋਸ਼ ਕਟਾਰੀਆ ਨੂੰ ਸਿਰੋਪਾਓ ਨਾਲ ਸਨਮਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਸ੍ਰੀ ਧਾਲੀਵਾਲ ਨੂੰ ਐੱਸਡੀਐੱਮ ਦਫ਼ਤਰ ਬਲਾਚੌਰ ਵਿੱਚ ਜ਼ਿਲ੍ਹਾ ਪੁਲਿਸ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ। ਇਸ ਮੌਕੇ ਵਿਧਾਇਕ ਸੰਤੋਸ਼ ਕਟਾਰੀਆ, ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਐੱਸਐੱਸਪੀ ਭਾਗੀਰਥ ਸਿੰਘ ਮੀਣਾ ਵੱਲੋਂ ਜ਼ਿਲ੍ਹੇ ’ਚ ਪਹਿਲੀ ਵਾਰ ਪੁੱਜਣ ’ਤੇ ਮੰਤਰੀ ਦਾ ਸਵਾਗਤ ਕੀਤਾ ਗਿਆ।