ਸਰਬਜੀਤ ਸਿੰਘ ਗਿੱਲ
ਫਿਲੌਰ, 28 ਜੁਲਾਈ
ਅੱਜ ਇਥੇ ਸਿਵਲ ਹਸਪਤਾਲ ’ਚ ਆਸ਼ਾ ਵਰਕਰਾਂ ਨੂੰ ਬਹਾਲ ਕਰਵਾਉਣ ਲਈ ਧਰਨਾ ਲਗਾਇਆ ਗਿਆ। ਜਨਤਕ ਜਥੇਬੰਦੀਆਂ ਦੇ ਸਾਂਝਾ ਮੋਰਚਾ (ਜੇਪੀਐੱਮਓ) ਦੀ ਅਗਵਾਈ ਹੇਠ ਲਗਾਏ ਇਸ ਧਰਨੇ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਅਤੇ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਕੁਲਦੀਪ ਫਿਲੌਰ ਨੇ ਕਿਹਾ ਕਿ ਆਸ਼ਾ ਵਰਕਰਾਂ ਵਲੋਂ ਆਪਣੇ ਬਕਾਏ ਲੈਣ ਲਈ ਜੂਨ ਮਹੀਨੇ ਲਗਾਏ ਧਰਨੇ ਬਾਅਦ ਐੱਸਐੱਮਓ ਅਤੇ ਇਕ ਹੋਰ ਕਰਮਚਾਰੀ ਵਲੋਂ ਕਥਿਤ ਪੱਖਪਾਤੀ ਰਵੱਈਆਂ ਅਪਣਾਇਆ ਜਾ ਰਿਹਾ ਹੈ। ਸਿੱਟੇ ਵਜੋਂ ਚਾਰ ਆਸ਼ਾ ਵਰਕਰਾਂ ਨੂੰ ਇਸ ਦਾ ਸ਼ਿਕਾਰ ਬਣਾਇਆ ਗਿਆ। ਇਸ ਧਰਨੇ ਦੌਰਾਨ ਆਸ਼ਾ ਵਰਕਰ ਤੇ ਫਸੈਲੀਟੇਟਰ ਯੂਨੀਅਨ (ਸੀਆਈਟੀਯੂ) ਦੇ ਕਾਰਕੁਨਾ ਨੇ ਵੱਡੀ ਹਾਜ਼ਰੀ ਲਵਾਈ। ਇਸ ਮੌਕੇ ਆਸ਼ਾ ਵਰਕਰਜ਼ ਯੂਨੀਅਨ ਦੇ ਪ੍ਰਧਾਨ ਪਲਵਿੰਦਰ ਕੌਰ, ਜਮਹੂਰੀ ਕਿਸਾਨ ਸਭਾ ਦੇ ਸੂਬਾ ਖ਼ਜ਼ਾਨਚੀ ਜਸਵਿੰਦਰ ਸਿੰਘ ਢੇਸੀ, ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ, ਤਹਿਸੀਲ ਸਕੱਤਰ ਸਰਬਜੀਤ ਗੋਗਾ, ਜੀਟੀਯੂ ਦੇ ਜ਼ਿਲ੍ਹਾ ਪ੍ਰਧਾਨ ਕਰਨੈਲ ਫਿਲੌਰ, ਆਸ਼ਾ ਵਰਕਰਜ਼ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸੁਖਜੀਤ ਕੌਰ, ਸੀਮਾ ਰਾਣੀ, ਗੁਰਦੀਪ ਕੌਰ, ਜਸਵਿੰਦਰ ਕੌਰ, ਕੁਲਜੀਤ ਸਿੰਘ ਫਿਲੌਰ, ਤਰਜਿੰਦਰ ਸਿੰਘ ਧਾਰੀਵਾਲ, ਜਸਬੀਰ ਸਿੰਘ ਫਿਲੌਰ, ਜਨਵਾਦੀ ਇਸਤਰੀ ਸਭਾ ਨਵਾਂ ਸ਼ਹਿਰ ਦੇ ਪ੍ਰਧਾਨ ਦਲਜੀਤ ਕੌਰ, ਐਡਵੋਕੇਟ ਅਜੈ ਫਿਲੌਰ, ਹੈਡੀਕੈਪ ਨਿਊਂ ਹੋਪ ਸੁਸਾਇਟੀ ਪੰਜਾਬ ਦੇ ਪ੍ਰਧਾਨ ਰਾਜ ਕੁਮਾਰ, ਉਪ ਪ੍ਰਧਾਨ ਸੰਦੀਪ ਲਾਡੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ, ਪੈਨਸ਼ਨਰ ਯੂਨੀਅਨ ਦੇ ਆਗੂ ਰਜਿੰਦਰ ਸ਼ਰਮਾ, ਆਸ਼ਾ ਵਰਕਰਜ਼ ਯੂਨੀਅਨ ਲੁਧਿਆਣਾ ਦੇ ਆਗੂ ਸਰਬਜੀਤ ਕੌਰ, ਪਸਸਫ ਦੇ ਆਗੂ ਸਤਵਿੰਦਰ ਸਿੰਘ, ਪ੍ਰਸ਼ੋਤਮ ਫਿਲੌਰ, ਨਿਰਲੇਪ ਕੌਰ, ਨਿਰਮੋਲਕ ਸਿੰਘ ਹੀਰਾ, ਨਹਿਰੀ ਵਿਭਾਗ ਦੇ ਬਲਬੀਰ ਸਿੰਘ ਨੇ ਸੰਬੋਧਨ ਕੀਤਾ।
ਇਸ ਦੌਰਾਨ ਐੱਸਐੱਮਓ ਡਾ. ਰੋਹਿਨੀ ਗੋਇਲ ਨੇ ਧਰਨੇ ਦੌਰਾਨ ਮੰਗ ਪੱਤਰ ਲਿਆ। ਮੰਗ ਪੱਤਰ ਲੈਣ ਬਾਅਦ ਆਸ਼ਾ ਵਰਕਰਾਂ ਨੂੰ ਬਹਾਲ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਚਾਰੇ ਆਸ਼ਾ ਵਰਕਰ ਕੱਲ੍ਹ ਤੋਂ ਡਿਊਟੀ ’ਤੇ ਆਉਣ। ਇੱਕ ਕਰਮਚਾਰੀ ਵਲੋਂ ਕੀਤੇ ਕਥਿਤ ਦੁਰਵਿਹਾਰ ਸਬੰਧੀ ਉਨ੍ਹਾਂ ਐਲਾਨ ਕੀਤਾ ਕਿ ਪੰਦਰਾਂ ਦਿਨਾਂ ਦੇ ਅੰਦਰ ਮਸਲਾ ਹੱਲ ਕਰ ਦਿੱਤਾ ਜਾਵੇਗਾ। ਇਸ ਉਪਰੰਤ ਧਰਨਾ ਸਮਾਪਤ ਕੀਤਾ ਗਿਆ।