ਦੀਪਕ ਠਾਕੁਰ
ਤਲਵਾੜਾ, 24 ਜੁਲਾਈ
ਇੱਥੇ ਨੀਮ ਪਹਾੜੀ ਕਸਬੇ ਕਮਾਹੀ ਦੇਵੀ ਵਿੱਚ ਸਵਾਰੀਆਂ ਨੇ ਪੰਜਾਬ ਰੋਡਵੇਜ਼ ਦੇ ਕਰਮਚਾਰੀਆਂ ’ਤੇ ਛੁੱਟੀ ਵਾਲੇ ਦਿਨ ਬੱਸ ਨਾ ਚਲਾ ਕੇ ਨਿੱਜੀ ਬੱਸ ਅਪਰੇਟਰਾਂ ਨੂੰ ਕਥਿਤ ਲਾਭ ਪਹੁੰਚਾਉਣ ਦੇ ਦੋਸ਼ ਲਗਾਏ। ਸਾਬਕਾ ਸਰਪੰਚ ਸੁਭਾਸ਼, ਸਤਪਾਲ ਡਡਵਾਲ, ਨਰਿੰਦਰ ਕੁਮਾਰ ਆਦਿ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਡਿੱਪੂ ਹੁਸ਼ਿਆਰਪੁਰ ਦੀ ਬੱਸ ਰੋਜ਼ਾਨਾ ਸਵੇਰੇ 7 ਵਜੇ ਕਮਾਹੀ ਦੇਵੀ ਤੋਂ ਹੁਸ਼ਿਆਰਪੁਰ ਨੂੰ ਜਾਂਦੀ ਹੈ। ਅੱਜ ਜਦੋਂ ਉਹ ਤੈਅ ਸਮੇਂ ’ਤੇ ਬੱਸ ਲੈਣ ਪੁੱਜੇ ਤਾਂ ਬੱਸ ’ਚ ਸੁੱਤੇ ਡਰਾਈਵਰ ਨੇ ਪਹਿਲਾਂ ਡੀਜ਼ਲ ਨਾ ਹੋਣ ਅਤੇ ਮਗਰੋਂ ਕੰਡਕਟਰ ਬਿਮਾਰ ਹੋਣ ਦਾ ਬਹਾਨਾ ਲਗਾ ਕੇ ਬੱਸ ਨਹੀਂ ਚਲਾਈ। ਜਦਕਿ 10 ਤੋਂ 15 ਸਵਾਰੀਆਂ ਖੜ੍ਹੀਆਂ ਸਨ, ਜਿਨ੍ਹਾਂ ਪ੍ਰੇਸ਼ਾਨੀ ਝੱਲਣੀ ਪਈ। ਜ਼ਿਕਰਯੋੋਗ ਹੈ ਕਿ ਕਮਾਹੀ ਦੇਵੀ ਤੋਂ ਹੁਸ਼ਿਆਰਪੁਰ ਨੂੰ ਰੋਡਵੇਜ਼ ਦੀ ਇੱਕ ਹੀ ਸਿੱਧੀ ਬੱਸ ਚੱਲਦੀ ਹੈ। ਇਸ ਸਬੰਧੀ ਪੰਜਾਬ ਰੋਡਵੇਜ਼ ਡਿੱਪੂ ਹੁਸ਼ਿਆਰਪੁਰ ਦੇ ਜਨਰਲ ਮੈਨੇਜਰ ਰਣਜੀਤ ਬੱਗਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਫੋਨ ਨਹੀਂ ਚੁੱਕਿਆ। ਡਿਊਟੀ ਕਲਰਕ ਅਮਿਤ ਸ਼ਰਮਾ ਨੇ ਪੁਸ਼ਟੀ ਕੀਤੀ ਕਿ ਬੱਸ ਦਾ ਕੰਡਕਟਰ ਬਿਮਾਰ ਹੋਣ ਕਾਰਨ ਬੱਸ ਨਹੀਂ ਚੱਲ ਸਕੀ। ਹੋਰ ਕੰਡਕਟਰ ਭੇਜ ਕੇ ਬੱਸ ਨੂੰ ਹੁਸ਼ਿਆਰਪੁਰ ਲਿਆਂਦਾ ਗਿਆ। ਐਤਵਾਰ ਨੂੰ ਛੁੱਟੀ ਵਾਲੀ ਕੋਈ ਗੱਲ ਨਹੀਂ ਹੈ, ਬੱਸ ਰੋਜ਼ ਚੱਲਦੀ ਹੈ।