ਜਸਬੀਰ ਸਿੰਘ ਚਾਨਾ
ਫਗਵਾੜਾ, 14 ਅਕਤੂਬਰ
ਵਿਜੀਲੈਂਸ ਵਿਭਾਗ ਫਗਵਾੜਾ ਦੀ ਟੀਮ ਨੇ ਬੰਗਾ ਰੋਡ ’ਤੇ ਸਥਿਤ ਪਟਵਾਰਖਾਨੇ ’ਚੋਂ ਪਟਵਾਰੀ ਨੂੰ ਰਿਸ਼ਵਤ ਲੈਂਦਿਆਂ ਰੰਗੀ ਹੱਥੀਂ ਕਾਬੂ ਕੀਤਾ ਹੈ। ਵਿਭਾਗ ਦੇ ਐੱਸਆਈ ਪਵਨ ਕੁਮਾਰ ਨੇ ਦੱਸਿਆ ਕਿ ਪਿੰਡ ਗੰਡਵਾਂ ਦੇ ਰਵੀ ਕੁਮਾਰ ਨੇ ਇੰਤਕਾਲ ਤੇ ਫ਼ਰਦ ਦੇ ਕਾਗਜ਼ ਲੈਣ ਲਈ ਪਟਵਾਰੀ ਮੇਜਰ ਸਿੰਘ ਨਾਲ ਸੰਪਰਕ ਕੀਤਾ ਜਿਸ ਤੋਂ ਬਾਅਦ ਪਟਵਾਰੀ ਵੱਲੋਂ ਪੈਸਿਆਂ ਦੀ ਮੰਗ ਰੱਖੀ ਗਈ ਸੀ। ਇਸ ਦੀ ਸ਼ਿਕਾਇਤ ਮਿਲਣ ’ਤੇ ਵਿਜੀਲੈਂਸ ਵਿਭਾਗ ਨੇ ਅੱਜ ਸਵੇਰੇ ਪਟਵਾਰੀ ਨੂੰ ਮੌਕੇ ਤੋਂ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਪਟਵਾਰੀ ਮੇਜਰ ਸਿੰਘ ਖਿਲਾਫ਼ ਪ੍ਰੋਵੈਨਸ਼ਨ ਆਫ਼ ਕੁਰੱਪਸ਼ਨ ਐਕਟ 1987 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।