ਪਾਲ ਸਿੰਘ ਨੌਲੀ
ਜਲੰਧਰ, 4 ਅਪਰੈਲ
ਪੋਲਟਰੀ ਫਾਰਮ ਦੇ ਮਾਲਕ ਨੂੰ ਆਪਣੇ ਵਿਆਹ ਦੀ ਰਿਸੈਪਸ਼ਨ ਪਾਰਟੀ ਕਰਨੀ ਉਸ ਵੇਲੇ ਮਹਿੰਗੀ ਪਈ ਜਦੋਂ ਪੁਲੀਸ ਨੇ ਰਾਤ ਦੇ ਕਰਫਿਊ ਦੀ ਉਲੰਘਣਾ ਦੇ ਦੋਸ਼ ਹੇਠ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਇਹ ਘਟਨਾ ਮਕਸੂਦਾਂ ਇਲਾਕੇ ਵਿੱਚ ਵਾਪਰੀ ਜਦੋਂ ਪੋਲਟਰੀ ਫਾਰਮ ਦੇ ਮਾਲਕ ਦੇ ਵਿਆਹ ਦੀ ਖੁਸ਼ੀ ਵਿੱਚ ਰੱਖੀ ਰਿਸ਼ੈਪਸ਼ਨ ਪਾਰਟੀ ਵਿੱਚ ਪੁਲੀਸ ਆ ਧਮਕੀ।
ਥਾਣਾ ਮਕਸੂਦਾਂ ਦੇ ਏਐੱਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਵਿਸ਼ਨੂੰ ਕਾਂਤ ਕੰਬੋਜ ਦਾ ਵਿਆਹ ਪਹਿਲੀ ਅਪਰੈਲ ਨੂੰ ਹੋਇਆ ਸੀ ਤੇ ਤਿੰਨ ਅਪਰੈਲ ਰਾਤ ਨੂੰ ਪਾਰਟੀ ਰੱਖੀ ਹੋਈ ਸੀ ਜਦੋਂਕਿ ਰਾਤ ਨੂੰ 9 ਵਜੇ ਕਰਫਿਊ ਲੱਗ ਜਾਂਦਾ ਹੈ ਜੋ ਕਿ ਸਵੇਰੇ ਵੇਲੇ 5 ਵਜੇ ਤੱੱਕ ਜਾਰੀ ਰਹਿੰਦਾ ਹੈ। ਵਿਆਹ ਦੀ ਰਿਸੈਪਸ਼ਨ ਪਾਰਟੀ ਰਾਤ ਸਾਢੇ 10 ਵਜੇ ਤੱਕ ਚੱਲਦੀ ਰਹੀ। ਪੁਲੀਸ ਨੂੰ ਜਦੋਂ ਇਸ ਦੀ ਸੂਚਨਾ ਮਿਲੀ ਤਾਂ ਤੁਰੰਤ ਕਾਰਵਾਈ ਕਰਦਿਆਂ ਪੁਲੀਸ ਅਧਿਕਾਰੀ ਉਥੇ ਪਹੁੰਚ ਗਏ ਤੇ ਦੇਰ ਰਾਤ ਪਾਰਟੀ ਕਰਨ ਦੇ ਦੋਸ਼ ਹੇਠ ਵਿਆਹ ਕਰਵਾਉਣ ਵਾਲੇ ਨੌਜਵਾਨ ਵਿਰੁੱਧ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਮੌਕੇ ’ਤੇ ਮੌਜੂਦ ਇੱਕ ਸਰਪੰਚ ਵੱਲੋਂ ਜ਼ਮਾਨਤ ਦਿੱਤੇ ਜਾਣ ਕਾਰਨ ਉਸ ਨੂੰ ਛੱਡ ਦਿੱਤਾ ਗਿਆ। ਪੁਲੀਸ ਨੇ ਵਿਆਹ ਪਾਰਟੀ ਸਮੇਂ ਬਣਾਈ ਗਈ ਵੀਡੀਓ ਤੇ ਫੋਟੋਆਂ ਮੰਗਵਾਈਆਂ ਹਨ ਤਾਂ ਜੋ ਹੋਰਨਾਂ ਲੋਕਾਂ ਵਿਰੁੱਧ ਵੀ ਕਾਰਵਾਈ ਕੀਤੀ ਜਾ ਸਕੇ। ਇਨ੍ਹਾਂ ’ਤੇ ਕਰਫਿਊ ਅਤੇ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਰਿਸੈਪਸ਼ਨ ਪਾਰਟੀ ਵਿੱਚ 150 ਤੋਂ ਵੱਧ ਲੋਕ ਸ਼ਾਮਲ ਸਨ।