ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 6 ਅਕਤੂਬਰ
ਵਿਧਾਇਕ ਸ੍ਰੀਮਤੀ ਸੰਤੋਸ਼ ਕਟਾਰੀਆ ਨੇ ਅੱਜ ਇੱਥੇ ਦੱਸਿਆ ਕਿ ਟੌਂਸਾ, ਕਾਠਗੜ੍ਹ, ਸੜੋਆ, ਸਾਹਿਬਾ, ਬਕਾਪੁਰ ਤੇ ਕਰਾਵਰ ਮੰਡੀਆਂ ’ਚ 2150 ਮੀਟਰਿਕ ਟਨ ਝੋਨੇ ਦੀ ਖਰੀਦ ਹੋੋ ਚੁੱਕੀ ਹੈ। ਅੱਜ ਹਲਕੇ ਦੀਆਂ ਵੱਖ-ਵੱਖ ਮੰਡੀਆਂ ’ਚ ਖਰੀਦ ਦੀ ਰਸਮੀ ਸ਼ੁਰੂਆਤ ਕਰਵਾਉਣ ਦੇ ਨਾਲ-ਨਾਲ ਮੰਡੀਆਂ ਦਾ ਜਾਇਜ਼ਾ ਲੈਣ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਹਮੇਸ਼ਾ ਕਿਸਾਨ ਹਿੱਤਾਂ ਲਈ ਖੜ੍ਹੇ ਹਨ। ਵਿਧਾਇਕ ਕਟਾਰੀਆ ਨੇ ਆਖਿਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਬੜੇ ਸਾਲਾਂ ਬਾਅਦ ਲੋਕਾਂ ਨੂੰ ਮਹਿਸੂਸ ਹੋਣਾ ਸ਼ੁਰੂ ਹੋਇਆ ਹੈ ਕਿ ਕੋਈ ਸਰਕਾਰ ਉਨ੍ਹਾਂ ਦੇ ਹੱਕਾਂ ਦੀ ਆਈ ਹੈ। ਉਨ੍ਹਾਂ ਮੰਡੀਆਂ ਦੇ ਦੌਰੇ ਮੌਕੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਆਖਿਆ ਕਿ ਮੰਡੀ ’ਚ ਫ਼ਸਲ ਲੈ ਕੇ ਆਏ ਕਿਸੇ ਵੀ ਕਿਸਾਨ ਨੂੰ ਆਪਣੀ ਫ਼ਸਲ ਦਾ ਭਾਅ ਲੈਣ ਲਈ ਰੁਲਣਾ ਨਾ ਪਵੇ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਮੰਡੀਆਂ ’ਚ ਫ਼ਸਲ ਸੁਕਾ ਕੇ ਪੱਕੀ ਹੋਈ ਹੀ ਲੈ ਕੇ ਆਉਣ ਤਾਂ ਜੋ ਝੋਨੇ ਦੀ ਖਰੀਦ ਲਈ ਕੇਂਦਰ ਅਤੇ ਐੱਫਸੀਆਈ ਵੱਲੋਂ ਮਿੱਥੇ ਮਿਆਰਾਂ ਕਾਰਨ, ਉਨ੍ਹਾਂ ਨੂੰ ਫ਼ਸਲ ਵੇਚਣ ’ਚ ਮੁਸ਼ਕਿਲ ਨਾ ਆਵੇ। ਸ੍ਰੀਮਤੀ ਕਟਾਰੀਆ ਨੇ ਟੌਂਸਾ, ਕਾਠਗੜ੍ਹ, ਸਾਹਿਬਾ, ਸੜੋਆ, ਬਕਾਪੁਰ ਤੇ ਕਰਾਵਰ ਸਮੇਤ ਅੱਧੀ ਦਰਜਨ ਦੇ ਕਰੀਬ ਮੰਡੀਆਂ ਦਾ ਦੌਰਾ ਕੀਤਾ।