ਪੱਤਰ ਪ੍ਰੇਰਕ
ਆਦਮਪੁਰ ਦੋਆਬਾ (ਜਲੰਧਰ), 26 ਫਰਵਰੀ
ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਮੰਗ ਪੱਤਰ ਦਾ ਗੰਭੀਰ ਨੋਟਿਸ ਲੈਂਦਿਆਂ ਡੀਸੀ ਘਨਸ਼ਿਆਮ ਥੋਰੀ ਨੇ ਅਧਿਕਾਰੀਆਂ ਨੂੰ ਜ਼ਿਲ੍ਹੇ ਵਿੱਚ ਆਲੂ ਬੀਜਾਂ ਦੀ ਅਣ-ਅਧਿਕਾਰਤ ਅਤੇ ਨਾਜਾਇਜ਼ ਵਿੱਕਰੀ ਵਿਰੁੱਧ ਸਖ਼ਤ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਉਨ੍ਹਾਂ ਅਧਿਕਾਰੀਆਂ ਨੂੰ ਜ਼ਿਲ੍ਹੇ ਭਰ ਦੇ ਕੋਲਡ ਸਟੋਰਾਂ ’ਤੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਉਂਦਿਆਂ ਅਣ-ਅਧਿਕਾਰਤ ਬੀਜ ਵੇਚਣ ਵਾਲਿਆਂ ਵਿਰੁੱਧ ਐੱਫਆਈਆਰ ਦਰਜ ਕਰਨੀ ਯਕੀਨੀ ਬਣਾਉਣ ਲਈ ਵੀ ਕਿਹਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਲੋਕ ਅਜਿਹੇ ਬੀਜ ਦੂਜੇ ਸੂਬਿਆਂ ਤੋਂ ਬਰਾਮਦ ਕਰ ਕੇ ਅਣ-ਅਧਿਕਾਰਤ ਆਲੂ ਬੀਜ ਵੇਚਣ ਦੇ ਨਾਜਾਇਜ਼ ਧੰਦੇ ਵਿੱਚ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸਬੰਧਤ ਐੈੱਸਡੀਐੱਮਜ਼ ਦੀ ਦੇਖ-ਰੇਖ ਹੇਠ ਸਿਵਲ ਪ੍ਰਸ਼ਾਸਨ, ਖੇਤੀਬਾੜੀ ਵਿਭਾਗ ਅਤੇ ਬਾਗਬਾਨੀ ਵਿਭਾਗ ਦੀਆਂ ਸਬ ਡਿਵੀਜ਼ਨ ਪੱਧਰ ਦੀਆਂ ਸਾਂਝੀਆਂ ਟੀਮਾਂ ਤੁਰੰਤ ਪ੍ਰਭਾਵ ਨਾਲ ਗਠਿਤ ਕੀਤੀਆਂ ਗਈਆਂ ਹਨ ਤਾਂ ਜੋ ਜ਼ਿਲ੍ਹੇ ਦੇ ਕੋਲਡ ਸਟੋਰਾਂ ’ਤੇ ਵਿਆਪਕ ਚੈਕਿੰਗ ਮੁਹਿੰਮ ਜਲਦੀ ਤੋਂ ਜਲਦੀ ਸ਼ੁਰੂ ਕੀਤੀ ਜਾ ਸਕੇ।।