ਪੱਤਰ ਪ੍ਰੇਰਕ
ਸ਼ਾਹਕੋਟ, 11 ਜੁਲਾਈ
ਪਿੰਡ ਸੀਚੇਵਾਲ ਦੇ 10 ਸਾਲ ਸਰਪੰਚ ਰਹੇ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਰਾਜ ਸਭਾ ਮੈਂਬਰ ਬਣਨ ’ਤੇ ਅੱਜ ਗ੍ਰਾਮ ਪੰਚਾਇਤ ਸੀਚੇਵਾਲ ਵੱਲੋਂ ਸਨਮਾਨਿਤ ਕੀਤਾ ਗਿਆ। ਪਿੰਡ ਸੀਚੇਵਾਲ ਵਿੱਚ ਲੋਕਾਂ ਨੇ ਸੰਤ ਸੀਚੇਵਾਲ ਦਾ ਸਵਾਗਤ ਕੀਤਾ ਗਿਆ। ਸਰਪੰਚ ਤੇਜਿੰਦਰ ਸਿੰਘ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਵੱਲੋ ਕੀਤੇ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸੰਤ ਸੀਚੇਵਾਲ ਨੂੰ ਸਨਮਾਨਿਤ ਕੀਤਾ ਗਿਆ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੱਤੇਵਾੜਾ ਜੰਗਲ ਨੇੜੇ ਟੈਕਸਟਾਈਲ ਲਗਾਉਣ ਵਾਲਾ ਪ੍ਰਾਜੈਕਟ ਵਾਪਸ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਬੁੱਢਾ ਨਾਲੇ ਨੂੰ ਮੁੜ ਬੁੱਢਾ ਦਰਿਆ ਬਣਾਇਆ ਜਾਵੇਗਾ, ਜਿਸ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸੰਜੀਦਗੀ ਨਾਲ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜੰਗਲਾਤ ਹੇਠਾ ਘੱਟ ਰਿਹਾ ਰਕਬਾ ਚਿੰਤਾ ਦਾ ਵਿਸ਼ਾ ਹੈ। ਸੂਬੇ ਵਿੱਚ ਮੱਤੇਵਾੜ ਵਰਗੇ ਹੋਰ ਜੰਗਲ ਲਗਾਉਣ ਤੇ ਇਨ੍ਹਾਂ ਨੂੰ ਸੰਭਾਲਣ ਦੀ ਸਖਤ ਲੋੜ ਹੈ। ਉਨ੍ਹਾਂ ਕਿਸਾਨਾਂ ਨੂੰ ਬਾਗਬਾਨੀ ਵੱਲ ਪਰਤਣ ਦਾ ਸੱਦਾ ਦਿੱਤਾ। ਇਸ ਮੌਕੇ ਸੁਰਜੀਤ ਸਿੰਘ ਸ਼ੰਟੀ, ਕਮਲਜੀਤ ਸਿੰਘ, ਰਾਮ ਆਸਰਾ, ਸਰਬਜੀਤ ਕੌਰ, ਰਾਣੀ, ਨੰਬਰਦਾਰ ਨਿਰਮਲ ਸਿੰਘ, ਕਿਰਪਾਲ ਸਿੰਘ, ਪ੍ਰੋ. ਕੁਲਵਿੰਦਰ ਸਿੰਘ, ਸਰਪੰਚ ਜੋਗਾ ਸਿੰਘ, ਬੂਟਾ ਸਿੰਘ ਅਤੇ ਗੁਰਬਖਸ਼ ਕੌਰ ਹਾਜ਼ਰ ਸਨ।