ਪੱਤਰ ਪ੍ਰੇਰਕ
ਨਵਾਂਸ਼ਹਿਰ, 16 ਮਾਰਚ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਹੁੰ ਚੁੱਕ ਸਮਾਗਮ ਦੌਰਾਨ ਜਿੱਥੇ ਵੀਵੀਆਈਪੀ ਕਲਚਰ ਦੀ ਝਾਤ ਦੇਖਣ ਨੂੰ ਮਿਲੀ ਉੱਥੇ ਲੋਕਾਂ ਵਿਚ ਹੋਈ ਖੱਜਲ-ਖੁਆਰੀ ਨੂੰ ਲੈ ਕੇ ਵੀ ਚਰਚਾ ਬਣੀ ਹੋਈ ਹੈ। ਪੰਡਾਲ ਸਣੇ ਹੋਰ ਪੁਖਤਾ ਪ੍ਰਬੰਧ ਕੀਤੇ ਗਏ ਸਨ ਪਰ ਸਮਾਗਮ ਲਈ ਪੁੱਜੇ ਵੱਡੀ ਗਿਣਤੀ ਵਾਹਨਾਂ ਕਾਰਨ ਆਵਾਜਾਈ ਦੀ ਦਿਕਤ ਆਈ। ਇਸ ਕਾਰਨ ਸਮਾਗਮ ਦੀ ਸਮਾਪਤੀ ਮਗਰੋਂ ਵੀ ਕਈ ਘੰਟੇ ਜਾਮ ਵਰਗੇ ਹਾਲਾਤ ਬਣੇ ਰਹੇ। ਇਸ ਮਾਮਲੇ ’ਤੇ ਜਥੇਬੰਦੀਆਂ ਵੱਲੋਂ ਵੀ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ।
ਆਮ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਪੰਜਾਬ ਦੇ ਸਹੁੰ ਚੁੱਕ ਸਮਾਗਮ ਦੌਰਾਨ ਕਰੋੜਾਂ ਰੁਪਏ ਦੀ ਬਰਬਾਦੀ ਕੀਤੀ ਗਈ ਹੈ। ਕਿਸਾਨਾਂ ਦੀ ਪੱਕਣ ’ਤੇ ਆਈ ਕਣਕ ਦੀ ਲੱਖਾਂ ਰੁਪਏ ਦੀ ਅਦਾਇਗੀ ਕਰ ਕੇ ਸਮਾਗਮ ਲਈ ਜ਼ਮੀਨ ਵਰਤੀ ਗਈ ਹੈ। ਇਸੇ ਦੌਰਾਨ ਕੁਝ ਲੋਕਾਂ ਨੇ ਆਖਿਆ ਕਿ ਜੇ ਸਹੁੰ ਚੁੱਕ ਸਮਾਗਮ ਨੂੰ ਸੀਮਤ ਸਮੇਂ ਲਈ ਰੱਖਿਆ ਜਾਣਾ ਸੀ ਤਾਂ ਇੰਨੇ ਵੱਡੇ ਸਮਾਗਮ ਦੀ ਥਾਂ ਆਨਲਾਈਨ ਸਮਾਗਮ ਵੀ ਕਰਵਾਇਆ ਜਾ ਸਕਦਾ ਸੀ।
ਇਸ ਤੋਂ ਇਲਾਵਾ ਮੀਡੀਆ ਵਿਚ ਵੀ ਚਰਚਾ ਰਿਹਾ ਕਿ ਤਤਕਾਲੀ ਰਾਸ਼ਟਰਪਤੀ ਅਬਦੁਲ ਕਲਾਮ ਜਦੋਂ ਇੱਥੇ ਪੱਜੇ ਸਨ ਤਾਂ ਉਸ ਸਮੇਂ ਵੀ ਸੁਰੱਖਿਆ ਦੇ ਇੰਨੇ ਸਖ਼ਤ ਪ੍ਰਬੰਧ ਨਹੀਂ ਸਨ ਜਿੰਨੇ ਅੱਜ ਕੀਤੇ ਗਏ ਸਨ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਭਾਵੇਂ ਮੀਡੀਆ ਲਈ ਪੁਖਤਾ ਪ੍ਰਬੰਧ ਕੀਤੇ ਹੋਏ ਸਨ ਪਰ ਪੰਜਾਬ ਤੋਂ ਇਲਾਵਾ ਚੰਡੀਗੜ੍ਹ ਅਤੇ ਦਿੱਲੀ ਤੋਂ ਆਏ ਮੀਡੀਆ ਕਰਮਚਾਰੀ ਆਪੋ-ਆਪਣੀ ਸੀਟ ਲਈ ਯਤਨ ਕਰਦੇ ਨਜ਼ਰ ਆਏ। ਸਮਾਗਮ ਦੀ ਸਮਾਪਤੀ ਮੌਕੇ ਲੋਕਾਂ ਨੇ ਕਿਹਾ ਕਿ ਜੇ ਭਗਵੰਤ ਮਾਨ ਨੇ ਕੁੱਝ ਮਿੰਟਾਂ ਲਈ ਹੀ ਸੰਬੋਧਨ ਹੋਣ ਸੀ ਤਾਂ ਇੰਨਾ ਵੱਡਾ ਸਮਾਗਮ ਰੱਖਣ ਦੀ ਲੋੜ ਨਹੀਂ ਸੀ।
ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪਧਾਨ ਸਰਿੰਦਰ ਸਿੰਘ ਬੈਂਸ, ਪੀਐੱਸਯੂ ਦੇ ਦੋਆਬਾ ਜ਼ੋਨ ਦੇ ਪ੍ਰਧਾਨ ਬਲਜੀਤ ਸਿੰਘ ਧਰਮਕੋਟ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਕਮਲਜੀਤ ਸਨਾਵਾ, ਭੱਠਾ ਵਰਕਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਰੱਕੜ ਨੇ ਆਖਿਆ ਹੈ ਕਿ ਇਸ ਸਮਾਗਮ ਉੱਤੇ ਖ਼ਰਚ ਕੀਤਾ ਪੈਸਾ ਕਈ ਤਰ੍ਹਾਂ ਦੇ ਸੁਆਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖਜ਼ਾਨੇ ਦੀ ਹਾਲਤ ਬੇਲੋੜੇ ਖ਼ਰਚੇ ਝੱਲਣ ਜੋਗੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤਿੰਨ ਲੱਖ ਕਰੋੜ ਦਾ ਕਰਜ਼ਈ ਹੈ, ਇਸ ਲਈ ਸਰਕਾਰੀ ਪੈਸੇ ਨੂੰ ਸੰਜ਼ਮ ਨਾਲ ਵਰਤਣ ਦੀ ਲੋੜ ਹੈ।