ਦਲੇਰ ਸਿੰਘ ਚੀਮਾ
ਭੁਲੱਥ, 30 ਅਪਰੈਲ
ਅੱਜ ਨਡਾਲਾ-ਬੇਗੋਵਾਲ ਸੜਕ ’ਤੇ ਵਾਪਰੇ ਹਾਦਸੇ ’ਚ ਮਹਿਲਾ ਦੀ ਮੌਤ ਹੋ ਗਈ ਤੇ ਇਕ ਬੱਚੀ ਜ਼ਖਮੀ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਨੰਗਲ ਲੁਬਾਣਾ ਦੀ ਨਵ-ਵਿਆਹੁਤਾ ਚਾਨਣੀ ਪਤਨੀ ਮੇਵਾ ਸਿੰਘ, ਆਪਣੇ ਨਾਲ ਇਕ ਬੱਚੀ ਲੈ ਕੇ ਸਕੂਟਰੀ ’ਤੇ ਪਿੰਡ ਵਾਪਸ ਆ ਰਹੀ ਸੀ। ਜਦੋਂ ਉਹ ਮੁੰਡੀ ਰੋਡ ਕੋਲ ਪਹੁੰਚੀ ਤਾਂ ਨਡਾਲਾ ਵੱਲੋਂ ਆ ਰਹੀ ਇਨੋਵਾ ਗੱਡੀ ਨਾਲ ਸਕੂਟਰੀ ਦੀ ਸਿੱਧੀ ਟੱਕਰ ਹੋ ਗਈ। ਹਾਦਸੇ ਕਾਰਨ ਚਾਨਣੀ ਦੀ ਮੌਤ ਹੋ ਗਈ ਜਦਕਿ ਬੱਚੀ ਜ਼ਖ਼ਮੀ ਹੋ ਗਈ। ਉਸ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਨੋਵਾ ਗੱਡੀ ਦਾ ਡਰਾਈਵਰ ਨਸ਼ੇ ਦੀ ਹਾਲਤ ਵਿੱਚ ਸੀ। ਪੁਲੀਸ ਨੇ ਇਨੋਵਾ ਗੱਡੀ ਤੇ ਉਸ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਦਸੇ ਦੀ ਜਾਂਚ ਜਾਰੀ ਹੈ।
ਹਾਦਸੇ ਵਿੱਚ ਦੋ ਪੁਲੀਸ ਮੁਲਾਜ਼ਮ ਜ਼ਖ਼ਮੀ
ਕਾਹਨੂੰਵਾਨ (ਵਰਿੰਦਰਜੀਤ ਜਾਗੋਵਾਲ): ਥਾਣਾ ਭੈਣੀ ਮੀਆਂ ਖਾਂ ਨੇੜੇ ਪਿੰਡ ਝੰਡਾ ਲੁਬਾਣਾ ਮੋੜ ਉੱਤੇ ਪੁਲੀਸ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਕਾਰਨ ਦੋ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਏ। ਇਸ ਦੌਰਾਨ ਵਾਹਨ ਵਿੱਚ ਸਵਾਰ ਬਾਕੀ ਮੁਲਾਜ਼ਮਾਂ ਨੂੰ ਵੀ ਸੱਟਾਂ ਲੱਗੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਭੈਣੀ ਮੀਆਂ ਖਾਂ ਸੁਦੇਸ਼ ਸ਼ਰਮਾ ਨੇ ਦੱਸਿਆ ਕਿ ਅੱਜ ਬੱਸ ਰਾਹੀਂ ਗੁਰਦਾਸਪੁਰ ਤੋਂ ਪੁਲੀਸ ਮੁਲਾਜ਼ਮ ਰੋਜ਼ਾਨਾ ਦੀ ਤਰ੍ਹਾਂ ਗਸ਼ਤ ਲਈ ਭੈਣੀ ਮੀਆਂ ਖਾਂ ਜਾ ਰਹੇ ਸਨ। ਜਦੋਂ ਉਹ ਪਿੰਡ ਝੰਡਾ ਲੁਬਾਣਾ ਦੇ ਪੈਟਰੋਲ ਪੰਪ ਕੋਲ ਪੁੱਜੇ ਤਾਂ ਇਕ ਹੋਰ ਵਾਹਨ ਨੂੰ ਬਚਾਉਂਦੇ ਹੋਏ ਪੁਲੀਸ ਵਾਹਨ ਸੜਕ ਕਿਨਾਰੇ ਦਰਖ਼ੱਤਾਂ ਨਾਲ ਟਕਰਾ ਗਿਆ। ਇਸ ਹਾਦਸੇ ਦੌਰਾਨ ਮੁਲਾਜ਼ਮ ਗੁਰਜੀਤ ਸਿੰਘ ਅਤੇ ਮੁਕੇਸ਼ ਕੁਮਾਰ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਬਾਕੀ ਸਾਥੀਆਂ ਨੂੰ ਵੀ ਕੁਝ ਮਾਮੂਲੀ ਸੱਟਾਂ ਆਈਆਂ ਹਨ।