ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 2 ਅਪਰੈਲ
ਨੇੜਲੇ ਪਿੰਡ ਬਿੱਧੀਪੁਰ ਵਿੱਚ 23 ਸਾਲਾਂ ਦੀ ਨਵ-ਵਿਆਹੀ ਔਰਤ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਕਿਰਨਦੀਪ ਕੌਰ ਦੇ ਭਰਾ ਗੁਰਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਖੁਵਾਜਾ ਵਰਦਗ (ਡੇਰਾ ਪਠਾਣਾ) ਥਾਣਾ ਕੋਟਲੀ ਸੂਰਤ ਮੱਲ੍ਹੀ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਭੈਣ ਕਿਰਨਦੀਪ ਕੌਰ (23) ਦਾ ਵਿਆਹ 12 ਦਿਨ ਪਹਿਲਾਂ ਜੋਬਨਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਬਿੱਧੀਪੁਰ (ਥਾਣਾ ਸੇਖਵਾਂ) ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਕਿਰਨਦੀਪ ਕੌਰ ਦਾ ਪਤੀ ਜੋਬਨਪ੍ਰੀਤ ਸਿੰਘ ਉਸ ਨੂੰ ਰਿਸ਼ਤੇਦਾਰਾਂ ਨੂੰ ਫੋਨ ਕਰਨ ਅਤੇ ਪੇਕੇ ਘਰ ਆਉਣ ਤੋਂ ਰੋਕਦਾ ਸੀ। ਇਸ ਬਾਰੇ ਕਿਰਨਦੀਪ ਨੇ ਫੋਨ ’ਤੇ ਗੁਰਵਿੰਦਰ ਸਿੰਘ ਨੂੰ ਦੱਸਿਆ ਸੀ। ਕਿਰਨਦੀਪ ਨੇ ਕਿਹਾ ਸੀ ਕਿ ਉਸ ਦਾ ਪਤੀ ਜੋਬਨਪ੍ਰੀਤ ਸਿੰਘ ਤੇ ਦਿਓਰ ਅਕਾਸ਼ਦੀਪ ਸਿੰਘ ਅਤੇ ਪਤੀ ਦਾ ਮਾਮਾ ਫੱਗਣ ਸਿੰਘ ਤੇ ਮਾਮੀ ਪਰਮਜੀਤ ਕੌਰ ਵਾਸੀ ਦਲੇਰਪੁਰ ਉਸ ਨੂੰ ਕਥਿਤ ਤੌਰ ’ਤੇ ਤੰਗ ਪ੍ਰੇਸ਼ਾਨ ਕਰਦੇ ਸਨ। ਗੁਰਵਿੰਦਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਇਨ੍ਹਾਂ ਚਾਰ ਜਣਿਆਂ ਦੇ ਤੰਗ ਕਰਨ ਕਰਕੇ ਕਿਰਨਦੀਪ ਕੌਰ ਨੇ ਆਪਣੇ ਸਹੁਰੇ ਘਰ ਵਿੱਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।
ਇਸੇ ਦੌਰਾਨ ਥਾਣਾ ਸੇਖਵਾਂ ਦੇ ਮੁਖੀ ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਰਨਦੀਪ ਕੌਰ ਦੇ ਭਰਾ ਗੁਰਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪਤੀ ਜੋਬਨਪ੍ਰੀਤ ਸਿੰਘ, ਦਿਓਰ ਅਕਾਸ਼ਦੀਪ ਸਿੰਘ ਅਤੇ ਪਤੀ ਦੇ ਮਾਮਾ ਫੱਗਣ ਸਿੰਘ ਤੇ ਮਾਮੀ ਪਰਮਜੀਤ ਕੌਰ ਵਿਰੁੱਧ ਧਾਰਾ 306, 34 ਆਈਪੀਸੀ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।