ਜਸਬੀਰ ਸਿੰਘ ਚਾਨਾ
ਫਗਵਾੜਾ, 25 ਸਤੰਬਰ
ਬੀਤੀ ਰਾਤ ਨਜ਼ਦੀਕੀ ਪਿੰਡ ਭੁੱਲਾਰਾਈ ਵਿੱਚ ਇੱਕ ਸੁੱਤੇ ਪਏ ਵਿਅਕਤੀ ਦਾ ਕੁੱਝ ਅਣਪਛਾਤੇ ਵਿਅਕਤੀਆਂ ਨੇ ਤੇਜ਼ ਹਥਿਆਰਾਂ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਬਲਜੀਤ ਸਿੰਘ (50) ਉਰਫ਼ ਜੀਤਾ ਪੁੱਤਰ ਜਰਨੈਲ ਸਿੰਘ ਵਜੋਂ ਹੋਈ ਹੈ। ਐੱਸ.ਪੀ. ਸਰਬਜੀਤ ਸਿੰਘ ਵਾਹੀਆ ਨੇ ਦੱਸਿਆ ਕਿ ਬਲਜੀਤ ਸਿੰਘ ਘਰ ’ਚ ਇਕੱਲਾ ਹੀ ਰਹਿੰਦਾ ਸੀ ਤੇ ਮਿਹਨਤ ਮਜ਼ਦੂਰੀ ਕਰਦਾ ਸੀ ਤੇ ਵਿਹੜੇ ’ਚ ਸੁੱਤਾ ਪਿਆ ਸੀ। ਬੀਤੀ ਦੇਰ ਰਾਤ ਅਣਪਛਾਤੇ ਲੋਕ ਉਸ ਦੇ ਵਿਹੜੇ ’ਚ ਦਾਖ਼ਲ ਹੋ ਕੇ ਉਸ ਦਾ ਕਤਲ ਕਰ ਗਏ। ਸੂਚਨਾ ਮਿਲਦੇ ਸਾਰ ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜੇ ਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਲਾਸ਼ ਕਬਜ਼ੇ ’ਚ ਲੈ ਕੇ ਧਾਰਾ 302 ਆਈ.ਪੀ.ਸੀ ਤਹਿਤ ਕੇਸ ਦਰਜ ਕਰਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।