ਜਸਬੀਰ ਸਿੰਘ ਚਾਨਾ
ਫਗਵਾੜਾ, 15 ਅਪਰੈਲ
ਇਥੇ ਫਗਵਾੜਾ-ਹੁਸ਼ਿਆਰਪੁਰ ਸੜਕ ’ਤੇ ਰਿਹਾਣਾ ਜੱਟਾਂ ਲਾਗੇ ਜੀ.ਐਨ.ਏ ਯੂਨਿਟ ਨਜ਼ਦੀਕ ਇੱਕ ਤੇਜ਼ ਰਫ਼ਤਾਰ ਬੱਸ ਤੇ ਕੈਂਟਰ ਵਿਚਾਲੇ ਆਹਮੋ-ਸਾਹਮਣੀ ਟੱਕਰ ਹੋਣ ਕਾਰਨ ਇੱਕ ਦਰਜਨ ਤੋਂ ਵੱਧ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਰਾਵਲਪਿੰਡੀ ਥਾਣੇ ਦੇ ਐਸ.ਐਚ.ਓ ਹਰਦੇਵ ਪ੍ਰੀਤ ਸਿੰਘ ਨੇ ਦੱਸਿਆ ਕਿ ਪੀ.ਆਰ.ਟੀ.ਸੀ ਦੀ ਬੱਸ ਪਟਿਆਲਾ ਤੋਂ ਹੁਸ਼ਿਆਰਪੁਰ ਨੂੰ ਜਾ ਰਹੀ ਸੀ ਜਦੋਂ ਇਹ ਬੱਸ ਇੱਥੇ ਪੁੱਜੀ ਤਾਂ ਡਰਾਈਵਰ ਨੇ ਟਾਟਾ ਏਸ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤੇ ਅੱਗੋਂ ਆ ਰਹੇ ਕੈਂਟਰ ’ਚ ਬੱਸ ਜਾ ਵੱਜੀ ਜਿਸ ਕਾਰਨ ਕੈਂਟਰ ਪਲਟ ਕੇ ਇੱਕ ਪੁਲੀ ’ਚ ਜਾ ਡਿੱਗਿਆ। ਕੈਂਟਰ ਦਾ ਡਰਾਈਵਰ ਜਗਤ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਢੱਕਪੰਡੋਰੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ।
ਹਾਦਸੇ ਦੌਰਾਨ ਬੱਸ ’ਚ ਬੈਠੀਆਂ ਸਵਾਰੀਆਂ ਵੀ ਜ਼ਖਮੀ ਹੋ ਗਈਆਂ ਜਿਨ੍ਹਾਂ ਦੀ ਪਛਾਣ ਰਾਜ ਰਾਣੀ ਫਗਵਾੜਾ, ਸਰਬਜੀਤ ਕੌਰ, ਹਰਮਿਤਾ, ਕਮਲੇਸ਼ ਫਗਵਾੜਾ, ਸ਼ਮਸ਼ੇਰ ਸਿੰਘ, ਰੇਨੂੰ ਸ਼ਰਮਾ, ਸਤਵੀਰ ਕੌਰ, ਬਲਜੀਤ ਕੌਰ ਲੁਧਿਆਣਾ, ਰਾਜ ਕੌਰ, ਬਲਵੀਰ ਕੌਰ, ਜਤਿੰਦਰ ਕੌਰ ਤੇ ਪੁਨੀਤ ਵਜੋਂ ਹੋਈ ਹੈ। ਜ਼ਖ਼ਮੀਆਂ ਦਾ ਇਲਾਜ ਸਿਵਲ ਹਸਪਤਾਲ ਵਿਖੇ ਡਾਕਟਰਾਂ ਵਲੋਂ ਸ਼ੁਰੂ ਕਰ ਦਿੱਤਾ ਗਿਆ ਹੈ। ਐਸ.ਐਚ.ਓ ਨੇ ਦੱਸਿਆ ਕਿ ਪੁਲੀਸ ਨੇ ਬੱਸ ਡਰਾਈਵਰ ਗੁਰਜੀਤ ਸਿੰਘ ਵਾਸੀ ਬਸੰਤਪੁਰਾ ਪਟਿਆਲਾ ਖਿਲਾਫ਼ ਲਾਪ੍ਰਵਾਹੀ ਨਾਲ ਬੱਸ ਚਲਾਉਣ ਦੇ ਦੋਸ਼ ਤਹਿਤ ਕੇਸ ਦਰਜ ਕਰ ਲਿਆ ਹੈ। ਹਾਦਸੇ ਦੌਰਾਨ ਬੱਸ ਤੇ ਕੈਂਟਰ ਵੀ ਬੁਰੀ ਤਰ੍ਹਾਂ ਨੁਕਸਾਨੇ ਹੋ ਗਏ। ਜ਼ਖਮੀਆਂ ਦਾ ਹਾਲ ਚਾਲ ਪੁੱਛਣ ਲਈ ਆਪ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਹਸਪਤਾਲ ਪੁੱਜੇ। ਉੱਧਰ ਬੱਸ ’ਚ ਸਵਾਰ ਸਵਾਰੀਆਂ ਨੇ ਦੱਸਿਆ ਕਿ ਬੱਸ ਦਾ ਡਰਾਈਵਰ ਲੁਧਿਆਣਾ ਤੋਂ ਹੀ ਬੱਸ ਚਲਾਉਂਦੇ ਸਮੇਂ ਇੱਕ ਡਾਇਰੀ ਨੂੰ ਫੋਲ ਰਿਹਾ ਸੀ ਜਿਸ ਨੂੰ ਪਹਿਲਾਂ ਕੰਡਕਟਰ ਨੇ ਰੋਕਿਆ ਵੀ ਸੀ ਪਰ ਉਹ ਨਹੀਂ ਹਟਿਆ।