ਦਲੇਰ ਸਿੰਘ ਚੀਮਾ
ਭੁਲੱਥ, 29 ਅਗਸਤ
ਸ਼੍ਰੋਮਣੀ ਅਕਾਲੀ ਦਲ (ਅ) ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੇ ਡੇਰਾ ਬੇਗੋਵਾਲ ਦੇ ਬਾਹਰ ਗੁਰੂ ਗ੍ਰੰਥ ਸਾਹਿਬ ਦੀਆਂ ਲਾਪਤਾ ਪਾਵਨ ਬੀੜਾਂ ਦਾ ਹਿਸਾਬ ਲੈਣ ਲਈ ਮੋਰਚਾ ਸ਼ੁਰੂ ਕਰ ਦਿੱਤਾ ਹੈ। ਇਸ ਮੋਰਚੇ ਵਿੱਚ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ 30 ਅਗਸਤ ਨੂੰ ਸ਼ਾਮਲ ਹੋਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਕਾਲੀ ਦਲ ਮਾਨ ਦੇ ਜਨਰਲ ਸਕੱਤਰ ਪ੍ਰੋਫ਼ੈਸਰ ਮਹਿੰਦਰ ਪਾਲ ਸਿੰਘ ਨੇ ਦੱਸਿਆ ਕਿ ਬੀਤੇ ਸਮੇਂ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਸਮੁੱਚੀ ਸਿੱਖ ਕੌਮ ਦੀ ਨੁਮਾਇੰਦਗੀ ਕਰਦੀ ਹੈ, ਦਾ ਪ੍ਰਬੰਧ ਬਾਦਲ ਪਰਿਵਾਰ ਦੇ ਹੱਥਾਂ ’ਚ ਹੈ ਤੇ ਕਮੇਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਦੀਆਂ 368 ਪਾਵਨ ਬੀੜਾਂ ਦਾ ਹਿਸਾਬ-ਕਿਤਾਬ ਨਹੀਂ ਦਿੱਤਾ ਜਾ ਰਿਹਾ। ਇਨ੍ਹਾਂ ਦਾ ਹਿਸਾਬ-ਕਿਤਾਬ ਲੈਣ ਲਈ ਹੀ ਅਕਾਲੀ ਦਲ ਮਾਨ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੇ ਡੇਰਾ ਬੇਗੋਵਾਲ ਤੋਂ ਮੋਰਚਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਸਬੰਧੀ ਜਾਣਕਾਰੀ ਮਿਲਣ ’ਤੇ ਹੀ ਮੋਰਚੇ ਦੀ ਸਮਾਪਤੀ ਕੀਤੀ ਜਾਵੇਗੀ। ਅੱਜ ਦੇ ਧਰਨੇ ਵਿੱਚ ਪ੍ਰਧਾਨ ਗੁਰਜੰਟ ਸਿੰਘ ਕੱਟੂ, ਪ੍ਰਧਾਨ ਦੋਆਬਾ ਰਾਜਿੰਦਰ ਸਿੰਘ ਫੌਜੀ, ਰਾਜਿੰਦਰ ਸਿੰਘ ਖੁਸਰੋਪੁਰ, ਜਤਿੰਦਰ ਸਿੰਘ, ਅਵਤਾਰ ਸਿੰਘ, ਬੀਬੀ ਸੁਖਜੀਤ ਕੌਰ, ਸੁਰਜੀਤ ਸਿੰਘ ਟੋਨੀ ਆਦਿ ਹਾਜ਼ਰ ਸਨ।