ਸੁਰਜੀਤ ਮਜਾਰੀ
ਬੰਗਾ, 14 ਅਕਤੂਬਰ
ਭਾਰਤੀ ਕਮਿਊਟਿਸਟ ਪਾਰਟੀ ਮਾਕਸਵਾਦੀ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਵੇਚਣ ’ਤੇ ਤੁਲੀ ਹੋਈ ਹੈ। ਉਹ ਕਾਮਰੇਡ ਹਰਬੰਸ ਸਿੰਘ ਮੰਢਾਲੀ ਦੀ ਬਰਸੀ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਮੰਢਾਲੀ ਵਿੱਚ ਵਿਚਾਰ ਸਾਂਝੇ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਦੇਸ਼ ਭਗਤਾਂ ਦੇ ਵਾਰਿਸ ਦੇਸ਼ ਦੀ ਆਨ ਤੇ ਸ਼ਾਨ ਲਈ ਹਰ ਕੁਰਬਾਨੀ ਕਰਨ ਨੂੰ ਤਿਆਰ ਹਨ ਪਰ ਨਿੱਜੀ ਮੁਫ਼ਾਦਾ ਲਈ ਦੇਸ਼ ਦੇ ਹਿੱਤਾਂ ਨੂੰ ਕਾਰੋਬਾਰੀ ਘਰਾਣਿਆਂ ਦੇ ਹੱਥ ਚਾੜ੍ਹਣਾ ਮੰਦਭਾਗਾ ਹੈ। ਉਨ੍ਹਾਂ ਕਾਮਰੇਡ ਹਰਬੰਸ ਸਿੰਘ ਮੰਢਾਲੀ ਦੀ ਸ਼ਹੀਦੀ ਨੂੰ ਨਮਨ ਕਰਦਿਆਂ ਕਿਹਾ ਕਿ ਸਮਾਜ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸਾਥੀਆਂ ਦਾ ਨਾਂ ਇਤਿਹਾਸ ਅੰਦਰ ਹਮੇਸ਼ਾਂ ਚਮਕਦਾ ਰਹੇਗਾ। ਇਸ ਦੌਰਾਨ ਝੰਡੇ ਦੀ ਰਸਮ ਕਿਸਾਨ ਆਗੂ ਕਾਮਰੇਡ ਲਛਮਣ ਸਿੰਘ ਜੌਹਲ ਨੇ ਅਦਾ ਕੀਤੀ। ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਕਾਮਰੇਡ ਬਲਵੀਰ ਸਿੰਘ ਜਾਡਲਾ ਅਤੇ ਸੀਪੀਆਈਐੱਮ ਦੇ ਸੂਬਾਈ ਆਗੂ ਕਾਮਰੇਡ ਰਾਮ ਸਿੰਘ ਨੂਰਪੁਰੀ ਨੇ ਵੀ ਇਨ੍ਹਾਂ ਵਿਚਾਰਾਂ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਦੇਸ਼ ਅੰਦਰ ਸਿਆਸੀ ਬਦਲਾਅ ਦੀ ਲੋੜ ਹੈ ਤਾਂ ਕਿ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਦਾ ਹੱਲ ਕਰਨ ਵਾਲੇ ਇਮਾਨਦਾਰ ਆਗੂਆਂ ਨੂੰ ਅੱਗੇ ਲਿਆਂਦਾ ਜਾਵੇ। ਇਸ ਮੌਕੇ ਮਾਸਟਰ ਮੂਲ ਚੰਦ, ਪ੍ਰਵੀਨ ਫਗਵਾੜਾ, ਪ੍ਰੇਮ ਸਿੰਘ ਮੰਢਾਲੀ, ਬੀਬੀ ਸੁਨੀਤਾ ਤਲਵੰਡੀ ਨੇ ਵੀ ਸੰਬੋਧਨ ਕੀਤਾ। ਸਟੇਜ ਦਾ ਸੰਚਾਲਨ ਕੁਲਦੀਪ ਸਿੰਘ ਝਿੰਗੜ ਨੇ ਕੀਤਾ। ਇਸ ਮੌਕੇ ਆਜ਼ਾਦ ਰੰਗ ਮੰਚ ਫ਼ਗਵਾੜਾ ਵਲੋਂ ਇਨਕਲਾਬੀ ਨਾਟਕ ਪੇਸ਼ ਕੀਤੇ ਗਏ।