ਨਿੱਜੀ ਪੱਤਰ ਪ੍ਰੇਰਕ
ਜਲੰਧਰ, 12 ਅਗਸਤ
ਆਜ਼ਾਦੀ ਦਿਹਾੜੇ ਦੌਰਾਨ ਜਨਤਕ ਥਾਵਾਂ ’ਤੇ ਸੁਰੱਖਿਆ ਪ੍ਰਬੰਧਾਂ ਨੂੰ ਪੁਖਤਾ ਕਰਨ ਲਈ ਕਮਿਸ਼ਨਰੇਟ ਤੇ ਰੇਲਵੇ ਪੁਲੀਸ ਨੇ ਸਾਂਝੇ ਤੌਰ ’ਤੇ ਮੌਕ ਡਰਿੱਲ ਕੀਤੀ। ਮੌਕ ਡਰਿੱਲ ਦੌਰਾਨ ਇੱਥੋਂ ਦੇ ਭੀੜ-ਭੜੱਕੇ ਵਾਲੇ ਸਿਟੀ ਰੇਲਵੇ ਸਟੇਸ਼ਨ ’ਤੇ ਮਿਲਟਰੀ ਰੰਗ ਦੇ ਸ਼ੱਕੀ ਬੈਗ ਦਾ ਪਤਾ ਲੱਗਣ ’ਤੇ ‘ਦਹਿਸ਼ਤ’ ਫੈਲ ਗਈ। ਇਸ ਬੈਗ ਦੀ ਜਾਂਚ ਕਰਨ ਲਈ ਬੰਬ ਨਿਰੋਧਕ ਦਸਤੇ ਨੂੰ ਮੌਕੇ ’ਤੇ ਬੁਲਾਇਆ ਗਿਆ। ਪੁਲੀਸ ਨੂੰ ਉਸ ਥਾਂ ਤੋਂ ਕੁਝ ਕੱਪੜੇ ਤੇ ਰੇਡੀਓ ਵੀ ਮਿਲਿਆ।
ਹਾਲਾਤ ਨੂੰ ਦੇਖਦਿਆਂ ਰੇਲਵੇ ਸਟੇਸ਼ਨ ਦੇ ਆਲੇ ਦੁਆਲੇ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ ਤੇ 300 ਤੋਂ ਵੱਧ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ। ਪੁਲੀਸ ਨੇ ਰੇਲਵੇ ਸਟੇਸ਼ਨ ’ਤੇ ਆਉਣ-ਜਾਣ ਵਾਲੇ ਰਸਤਿਆਂ ਨੂੰ ਸੀਲ ਕਰ ਦਿੱਤਾ। ਇਹ ਰਸਤੇ ਉਦੋਂ ਹੀ ਖੋਲ੍ਹੇ ਗਏ ਜਦੋਂ ਜਾਂਚ ਕਰਨ ਤੋਂ ਬਾਅਦ ਇਹ ਪਤਾ ਲੱਗਾ ਕਿ ਬੈਗ ਵਿੱਚ ਕੋਈ ਧਮਾਕਾਖੇਜ਼ ਸਮੱਗਰੀ ਨਹੀਂ ਸੀ। ਰੇਲਵੇ ਪੁਲੀਸ ਦੇ ਐੱਸਪੀ ਪ੍ਰਦੀਪ ਕੰਡਾ ਨੇ ਕਿਹਾ ਕਿ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਇਹ ਮੌਕ ਡਰਿੱਲ ਕੀਤੀ ਗਈ ਸੀ। ਇਸੇ ਦੌਰਾਨ ਬੋਰੀਆਂ ਦੇ ਢੇਰ ਹੇਠਾਂ ਇੱਕ ਬੈਗ ਛੁਪਾ ਕੇ ਰੱਖਿਆ ਗਿਆ ਸੀ। ਸਟੇਸ਼ਨ ’ਤੇ ਜਦੋਂ ਅਨਾਊਂਸਮੈਂਟ ਕੀਤੀ ਗਈ ਕਿ ਉੱਥੇ ਮਿਲਟਰੀ ਰੰਗ ਦਾ ਸ਼ੱਕੀ ਬੈਗ ਪਿਆ ਹੈ ਪਰ ਉਸ ਨੂੰ ਕੋਈ ਲੈਣ ਨਹੀਂ ਆਇਆ ਤਾਂ ਪੁਲੀਸ ਨੇ ਸੀਆਰਪੀਐੱਫ ਨਾਲ ਵੀ ਸੰਪਰਕ ਸਾਧਿਆ। ਬੰਬ ਨਿਰੋਧਕ ਦਸਤੇ ਤੇ ਡੌਗ ਸੁਕਐਡ ਨੂੰ ਵੀ ਬੁਲਾਇਆ ਗਿਆ। ਮੌਕੇ ’ਤੇ ਹੀ ਦੋ ਐਂਬੂਲੈਂਸਾਂ ਤੇ ਤਿੰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਵੀ ਬੁਲਾਇਆ ਗਿਆ, ਜੋ ਮੌਕ ਡਰਿੱਲ ਦਾ ਹਿੱਸਾ ਸਨ।
ਪਠਾਨਕੋਟ (ਐੱਨ.ਪੀ. ਧਵਨ): ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਦੇ ਮੁੱਖ ਗੇਟ ਦੇ ਸਾਹਮਣੇ ਪਾਰਕ ਵਿੱਚ ਦੁਪਹਿਰ ਨੂੰ ਇੱਕ ਲਾਵਾਰਸ ਬੈਗ ਮਿਲਣ ਨਾਲ ਸਨਸਨੀ ਫੈਲ ਗਈ। ਜੀਆਰਪੀ ਪੁਲੀਸ ਅਤੇ ਆਰਪੀਐੱਫ ਵੀ ਮੌਕੇ ’ਤੇ ਪਹੁੰਚ ਗਈ ਅਤੇ ਸੀਨੀਅਰ ਅਧਿਕਾਰੀਆਂ ਨੂੰ ਸੂਚਨਾ ਦਿੱਤੀ। ਇਸ ਮਗਰੋਂ ਕੈਂਟ ਸਟੇਸ਼ਨ ਵੱਲੋਂ ਆਉਣ ਵਾਲੇ ਸਾਰੇ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ। ਮਗਰੋਂ ਬੈਗ ਵਿੱਚੋਂ ਕੁੱਝ ਵੀ ਸ਼ੱਕੀ ਪਦਾਰਥ ਨਾ ਮਿਲਣ ’ਤੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਸੁਰੱਖਿਆ ਵਿਵਸਥਾ ਨੂੰ ਚੈੱਕ ਕਰਨ ਲਈ ਮੌਕ ਡਰਿੱਲ ਸੀ। ਇਸ ਮੌਕੇ ਜੀਆਰਪੀ ਦੇ ਡੀਐੱਸਪੀ ਏਆਰ ਅੱਤਰੀ, ਆਰਪੀਐੱਫ ਦੇ ਥਾਣਾ ਮੁਖੀ ਨਿਤੇਸ਼ ਸਾਲਵੀ, ਐੱਸਪੀ ਅਪਰੇਸ਼ਨ ਜੀਐਸ ਸੰਘਾ ਹਾਜ਼ਰ ਸਨ।
ਫਗਵਾੜਾ ਪੁਲੀਸ ਵੱਲੋਂ ਗੱਡੀਆਂ ਦੀ ਚੈਕਿੰਗ
ਫਗਵਾੜਾ (ਪੱਤਰ ਪ੍ਰੇਰਕ): ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੁਲੀਸ ਨੇ ਚੌਕਸੀ ਵਰਤਦਿਆਂ ਅੱਜ ਗੱਡੀਆਂ ਦੀ ਚੈਕਿੰਗ ਕੀਤੀ। ਐੱਸਐੱਚਓ ਸਿਟੀ ਸੁਰਜੀਤ ਸਿੰਘ ਦੀ ਅਗਵਾਈ ਹੇਠ ਅੱਜ ਪੁਲੀਸ ਨੇ ਮਾਡਲ ਟਾਊਨ, ਗੋਲ ਚੌਕ, ਸ਼ੂਗਰ ਮਿੱਲ ਚੌਕ ਆਦਿ ਇਲਾਕਿਆਂ ’ਚ ਕਾਰਾਂ ਰੋਕ ਕੇ ਉਨ੍ਹਾਂ ਦੀ ਚੈਕਿੰਗ ਕੀਤੀ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਸ਼ੱਕੀ ਚੀਜ਼ ਦਿਖੇ ਤਾਂ ਪੁਲੀਸ ਨੂੰ ਸੂਚਿਤ ਕੀਤਾ ਜਾਵੇ।