ਪੱਤਰ ਪ੍ਰੇਰਕ
ਗੜ੍ਹਸ਼ੰਕਰ, 6 ਅਗਸਤ
ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਦੇਸ਼ ਵਿਆਪੀ ਕਿਸਾਨ ਅੰਦੋਲਨ ਤਹਿਤ ਪਾਰਲੀਮੈਂਟ ਦੇ ਬਰਾਬਰ ਚੱਲ ਰਹੀ ਕਿਸਾਨ ਸੰਸਦ ਦਾ ਅਸਰ ਪਿੰਡਾਂ ਦੀਆਂ ਸੱਥਾਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਸਥਾਨਕ ਸ਼ਹਿਰ ਦੇ ਜੀਓ ਸੈਂਟਰ ਅੱਗੇ ਚੱਲ ਰਹੇ ਧਰਨੇ ਦੇ ਨਾਲ ਨਾਲ ਇਲਾਕੇ ਦੀਆਂ ਸੱਥਾਂ ਵਿੱਚ ਵੀ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਦਰਸ਼ਨ ਸਿੰਘ ਮੱਟੂ, ਸੂਬਾਈ ਆਗੂ ਹਰਭਜਨ ਸਿੰਘ ਅਟਵਾਲ ਤੇ ਪੰਜਾਬ ਕਿਸਾਨ ਸਭਾ ਦੇ ਸਕੱਤਰ ਗੁਰਨੇਕ ਭੱਜਲ ਦੀ ਅਗਵਾਈ ਹੇਠ ਪਿੰਡ ਰਾਮ ਪੁਰ, ਬਿਲੜੋਂ, ਥਾਣਾ, ਭੱਜਲ, ਗੜੀ, ਮੱਟੋਂ, ਚੱਕ ਗੁੱਜਰਾਂ ਅਤੇ ਹੋਰ ਪਿੰਡਾਂ ਵਿੱਚ ਕੀਤੀਆਂ ਕਿਸਾਨ ਸੱਥਾਂ ’ਚ ਉਕਤ ਬੁਲਾਰਿਆਂ ਨੇ ਕਿਸਾਨਾਂ ਨੂੰ 9 ਅਗਸਤ ਨੂੰ ਮਨਰੇਗਾ ਸਕੀਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਤੇ ਚਾਰ ਲੇਬਰ ਕੋਡ ਰੱਦ ਕਰਕੇ 44 ਲੇਬਰ ਕਾਨੂੰਨ ਬਹਾਲ ਕਰਨ ਸਬੰਧੀ ਹੁਸ਼ਿਆਰਪੁਰ ਵਿੱਚ ਕੀਤੀ ਜਾ ਰਹੀ ਰੈਲੀ ਵਿੱਚ ਸ਼ਮੂਲੀਅਤ ਦਾ ਸੱਦਾ ਦਿੱਤਾ।