ਪੱਤਰ ਪ੍ਰੇਰਕ
ਬੰਗਾ, 21 ਅਕਤੂਬਰ
ਇਨਕਲਾਬੀ ਜਮਹੂਰੀ ਲਹਿਰ ਦੇ ਜਾਣੇ ਪਛਾਣੇ ਮਰਹੂਮ ਸੁਖਦੇਵ ਸਿੰਘ ਰਾਏਪੁਰ ਡੱਬਾ ਦੀ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਰਾਏਪੁਰ ਡੱਬਾ ’ਚ ਮਨਾਈ ਗਈ। ਉਨ੍ਹਾਂ ਦੀ ਭੈਣ ਅਤੇ ਇਸਤਰੀ ਜਾਗ੍ਰਤੀ ਮੰਚ ਪੰਜਾਬ ਦੇ ਪ੍ਰਧਾਨ ਬੀਬੀ ਗੁਰਬਖਸ਼ ਕੌਰ ਸੰਘਾ ਨੇ ਕਿਹਾ ਕਿ ਉਨ੍ਹਾਂ ਨੂੰ ਦੇਸ਼ ਕੌਮ ਦੇ ਹਿੱਤਾਂ ਲਈ ਸੰਘਰਸ਼ ਕਰਨ ਵਾਲੇ ਪਰਿਵਾਰ ਦਾ ਹਿੱਸਾ ਹੋਣ ਦਾ ਮਾਣ ਹੈ। ਪਲਸ ਮੰਚ ਪੰਜਾਬ ਦੇ ਪ੍ਰਧਾਨ ਅਮੋੋਲਕ ਸਿੰਘ ਨੇ ਕਿਹਾ ਕਿ ਲੋਕਾਂ ਦੇ ਏਕੇ ਨਾਲ ਹੀ ਹਾਕਮਾਂ ਦੀਆਂ ਮਨਮਰਜ਼ੀਆਂ ਨੂੰ ਨੱਥ ਪਾਈ ਜਾ ਸਕਦੀ ਹੈ, ਜਿਸ ਲਈ ਨੌਜਵਾਨ ਵਰਗ ਨੂੰ ਹੋਰ ਅੱਗੇ ਵੱਧ ਕੇ ਅਗਵਾਈ ਕਰਨੀ ਚਾਹੀਦੀ ਹੈ। ਲੇਖਕ ਵਿਜੈ ਬੰਬੇਲੀ ਨੇ ਬੱਬਰ ਅਕਾਲੀ ਲਹਿਰ ਦੇ ਅਣਫ਼ੋਲੇ ਵਰਕੇ ਖੋਲ੍ਹਦਿਆਂ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ਤਲਵਿੰਦਰ ਹੀਰ ਨੇ ਕਿਸਾਨੀ ਅੰਦੋਲਨ ਦੇ ਮਹੱਤਵਪੂਰਨ ਪੱਖਾਂ ’ਤੇ ਰੌਸ਼ਨੀ ਪਾਈ ਅਤੇ ਮਲਕੀਤ ਬਾਹੋਵਾਲ ਨੇ ਖੇਤ ਮਜ਼ਦੂਰਾਂ, ਕਿਸਨਾਂ ਅਤੇ ਸਮੂਹ ਮਿਹਨਕਸ਼ ਲੋਕਾਂ ਦੀ ਜੋਟੀ ਮਜ਼ਬੂਤ ਕਰਕੇ ਸੰਘਰਸ਼ ਨੂੰ ਜਿੱਤ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ। ਇੰਗਲੈਂਡ ਵਾਸੀ ਨਿਰਮਲ ਸੌਂਧੀ ਨੇ ਪਿੰਡ ਦੀ ਇਨਕਲਾਬੀ ਵਿਰਾਸਤ ’ਤੇ ਪਹਿਰਾ ਦਿੰਦਿਆਂ ਲੋਕ ਪੱਖੀ ਸੱਭਿਆਚਾਰਕ ਕਦਰਾਂ-ਕੀਮਤਾਂ ਬੁਲੰਦ ਰੱਖਣ ਦਾ ਸੱਦਾ ਦਿੱਤਾ। ਸਮਾਗਮ ’ਚ ਹਾਜ਼ਰ ਲੋਕਾਂ ਨੇ ਹੱਥ ਖੜ੍ਹੇ ਕਰਕੇ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ, ਬੁੱਧੀਜੀਵੀਆਂ ਨੂੰ ਰਿਹਾਅ ਕਰਨ ਅਤੇ ਡਾ. ਸਵਰਾਜਬੀਰ ਸਿੰਘ ਖ਼ਿਲਾਫ਼ ਨਿਰ ਆਧਾਰ ਭੰਡੀ ਪ੍ਰਚਾਰ ਕਰਨ ਬੰਦ ਕਰਨ ਦੀ ਮੰਗ ਕੀਤੀ ਗਈ।