ਪੱਤਰ ਪ੍ਰੇਰਕ
ਦਸੂਹਾ, 5 ਅਗਸਤ
ਇਥੇ ਦਸੂਹਾ ਸ਼ਹਿਰ ਨੂੰ ਖੂਬਸੂਰਤ ਦਿੱਖ ਦੇਣ ਲਈ ਵਿਧਾਇਕ ਕਰਮਬੀਰ ਸਿੰਘ ਘੁੰਮਣ ਨੇ ਸਰਗਰਮੀਆਂ ਆਰੰਭ ਦਿੱਤੀਆਂ ਹਨ। ਇਸੇ ਤਹਿਤ ਉਨ੍ਹਾਂ ਅੱਜ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਮੀਟਿੰਗ ਦੌਰਾਨ ਸ਼ਹਿਰ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੇ ਮਤੇ ਪਾਸ ਕੀਤੇ ਗਏ। ਵਿਧਾਇਕ ਘੁੰਮਣ ਨੇ ਕਿਹਾ ਕਿ ਇਤਿਹਾਸਕ ਸ਼ਹਿਰ ਦਸੂਹਾ ਦਾ ਸੁੰਦਰੀਕਰਨ ਸ਼ਹਿਰ ਵਾਸੀਆਂ ਦੇ ਸਹਿਯੋਗ ਤੋਂ ਬਿਨਾ ਅਸੰਭਵ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਸ਼ਹਿਰ ਦੇ ਚੌਕਾਂ ਨੂੰ ਅਜਿਹੀ ਖੂਬਸੂਰਤ ਦਿੱਖ ਦਿੱਤੀ ਜਾਵੇ ਕਿ ਜਿਸ ਨੂੰ ਦੇਖ ਕੇ ਇਲਾਕਾ ਨਿਵਾਸੀ ਆਪਣੇ ਸ਼ਹਿਰ ’ਤੇ ਮਾਣ ਮਹਿਸੂਸ ਕਰ ਸਕਣ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਪ੍ਰਮੁੱਖ ਚੌਕਾਂ ਵਿੱਚ ਐੱਲਈਡੀ ਸਕਰੀਨਾਂ ਲਗਾਉਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਇਸ ਨਾਲ ਕਾਰੋਬਾਰੀ ਅਦਾਰੇ ਆਪਣੀ ਮਸ਼ਹੂਰੀ ਕਰਵਾ ਸਕਣਗੇ, ਜਿਸ ਨਾਲ ਨਗਰ ਕੌਂਸਲ ਨੂੰ ਵੀ ਆਮਦਨ ਹੋਵੇਗੀ। ਉਨ੍ਹਾਂ ਕਿਹਾ ਕਿ ਸੜਕਾਂ ਕਿਨਾਰੇ ਅਤੇ ਸ਼ਹਿਰ ਦੀਆਂ ਕੰਧਾਂ ਉੱਪਰ ਖੂਬਸੂਰਤ ਪੇਂਟਿੰਗ ਕੀਤੀਆਂ ਜਾਣਗੀਆਂ ਅਤੇ ਕੌਂਸਲ ਵੱਲੋਂ ਸ਼ਹਿਰ ਵਿੱਚ ਸਫ਼ਾਈ ਲਈ ਵੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾਵੇਗੀ।